ਹੋਲੀ ਹਾਰਟ ਸਕੂਲ ਅਜੀਤਵਾਲ ’ਚ ਕਰਵਾਇਆ ਪ੍ਰੋਗਰਾਮ
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ
Publish Date: Wed, 03 Dec 2025 04:30 PM (IST)
Updated Date: Thu, 04 Dec 2025 04:02 AM (IST)

ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ : ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦਾ ਅੰਤਰਰਾਸ਼ਟਰੀ ਦਿਹਾੜਾ ਬੜੇ ਸਤਕਾਰ ਅਤੇ ਜਜ਼ਬੇ ਨਾਲ ਮਨਾਇਆ ਗਿਆ। ਇਸ ਦਿਨ ਦਾ ਮੁੱਖ ਉਦੇਸ਼ ਸਮਾਜ ਅਤੇ ਬੱਚਿਆਂ ਵਿਚ ਇਹ ਜਾਗਰੂਕਤਾ ਫੈਲਾਉਣਾ ਸੀ ਕਿ ਵਿਸ਼ੇਸ਼ ਲੋੜਾਂ ਵਾਲੇ ਲੋਕ ਵੀ ਸਮਾਜ ਦਾ ਮਹੱਤਵਪੂਰਣ ਹਿੱਸਾ ਹਨ ਅਤੇ ਉਨ੍ਹਾਂ ਨੂੰ ਵੀ ਬਰਾਬਰ ਦੇ ਹੱਕ ਅਤੇ ਮੌਕੇ ਮਿਲਣੇ ਚਾਹੀਦੇ ਹਨ। ਕਾਰਜਕ੍ਰਮ ਦੀ ਸ਼ੁਰੂਆਤ ਵਿਦਿਆਰਥੀਆਂ ਨੂੰ ਇਸ ਦਿਹਾੜੇ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣੂ ਕਰਵਾਉਣ ਨਾਲ ਹੋਈ। ਅਧਿਆਪਕਾਂ ਨੇ ਬੱਚਿਆਂ ਨਾਲ ਸੰਵੇਦਨਸ਼ੀਲਤਾ, ਸਹਿਯੋਗ, ਦਯਾ ਅਤੇ ਹੌਸਲੇ ਬਾਰੇ ਗੱਲਬਾਤ ਕੀਤੀ। ਸਕੂਲ ਵਿਚ ਖ਼ਾਸ ਤੌਰ ‘ਤੇ ਤਿਆਰ ਕੀਤੀਆਂ ਗਈਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਇਹ ਸਮਝਾਇਆ ਗਿਆ ਕਿ ਹਰ ਵਿਅਕਤੀ ਵਿਚ ਕੋਈ ਨਾ ਕੋਈ ਵਿਲੱਖਣ ਯੋਗਤਾ ਹੁੰਦੀ ਹੈ ਅਤੇ ਸਾਨੂੰ ਇਕ ਦੂਜੇ ਦੀ ਮਦਦ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ੍ਰੈਆ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਬਣਾਈਆਂ ਜਾਣ ਵਾਲੀਆਂ ਸਹੂਲਤਾਂ ਅਤੇ ਜਾਗਰੂਕਤਾ ਦੀ ਲੋੜ ‘ਤੇ ਜ਼ੋਰ ਦਿੱਤਾ। ਬੱਚਿਆਂ ਨੇ ਪੋਸਟਰ ਬਣਾਉਣ, ਨਾਅਰੇ ਲਿਖਣ ਅਤੇ ਸਮੂਹ ਚਰਚਾ ਵਿਚ ਹਿੱਸਾ ਲੈ ਕੇ ਦਿਹਾੜੇ ਨੂੰ ਹੋਰ ਵੀ ਮਹੱਤਵਪੂਰਣ ਬਣਾਇਆ। ਸਮਾਪਤੀ ‘ਤੇ ਸਭ ਨੇ ਇਹ ਸੰਦੇਸ਼ ਦਿੱਤਾ ਕਿ ਸਮਾਜਿਕ ਸਮਾਨਤਾ, ਸਨਮਾਨ ਅਤੇ ਦਿਲੀ ਸਹਿਯੋਗ ਨਾਲ ਹੀ ਇਕ ਬਿਹਤਰ ਅਤੇ ਦਿਆਲੂ ਸਮਾਜ ਦੀ ਸਿਰਜਣਾ ਹੋ ਸਕਦੀ ਹੈ।