ਪਿੰਡ ਚੰਦ ਨਵਾਂ ਵਿਖੇ ਇਕ ਨੌਜਵਾਨ ਦੇ

- ਇਨਸਾਫ਼ ਦੀ ਮੰਗ, ਟ੍ਰੈਫਿਕ ਠੱਪ, ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ
ਪਵਨ ਗਰਗ, ਪੰਜਾਬੀ ਜਾਗਰਣ
ਬਾਘਾਪੁਰਾਣਾ : ਪਿੰਡ ਚੰਦ ਨਵਾਂ ਵਿਖੇ ਇੱਕ ਨੌਜਵਾਨ ਦੇ ਕਤਲ ਮਾਮਲੇ ਨੂੰ ਲੈ ਕੇ ਲੋਕਾਂ ਦਾ ਗੁੱਸਾ ਸਥਾਨਕ ਬਾਘਾਪੁਰਾਣਾ ਸ਼ਹਿਰ ਦੇ ਆਮ ਜੀਵਨ ਉੱਤੇ ਸੰਖੇਪ ਪ੍ਰਭਾਵ ਪਾਉਂਦਾ ਨਜ਼ਰ ਆਇਆ। ਇਨਸਾਫ਼ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਸਵੇਰੇ ਤੋਂ ਬਾਘਾਪੁਰਾਣਾ ਦੇ ਮੁੱਖ ਲਾਈਟਾਂ ਵਾਲੇ ਚੌਕ ਵਿਚ ਧਰਨਾ ਲਾਇਆ ਗਿਆ, ਜਿਸ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਲੋਕਾਂ ਨੇ ਜ਼ਬਰਦਸਤ ਰੋਸ ਪ੍ਰਗਟ ਕੀਤਾ।
ਧਰਨਾ ਲੱਗਦੇ ਹੀ ਚੌਕ ਪੂਰੀ ਤਰ੍ਹਾਂ ਬੰਦ ਹੋ ਗਿਆ ਅਤੇ ਕੁਝ ਹੀ ਸਮੇਂ ਵਿੱਚ ਹਾਈਵੇ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸ਼ਹਿਰ ਵਿਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਮਰੀਜ਼ਾਂ, ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਦੂਰੋਂ ਆਉਣ ਜਾਣ ਵਾਲੇ ਲੋਕਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨੌਜਵਾਨ ਦਾ ਕਤਲ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਅਤੇ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਧਰਨਾਕਾਰੀਆਂ ਦਾ ਰੁਖ ਸੀ ਕਿ ਜਦੋਂ ਤਕ ਸਾਰੇ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਲਿਆ ਜਾਂਦਾ, ਉਹ ਧਰਨਾ ਨਹੀਂ ਚੁੱਕਣਗੇ। ਇਸ ਸਥਿਤੀ ਬਾਰੇ ਜਾਣਕਾਰੀ ਮਿਲਦੇ ਹੀ ਡੀਐੱਸਪੀ ਬਾਘਾਪੁਰਾਣਾ ਦਲਬੀਰ ਸਿੰਘ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਵੱਡੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਡੀਐੱਸਪੀ ਦਲਬੀਰ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੁਲਸ ਪਾਸੇ ਤੋਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਰਹਿਣ ਵਾਲੇ ਪੰਜਵੇਂ ਵਿਅਕਤੀ ਦੀ ਗ੍ਰਿਫਤਾਰੀ ਲਈ ਟੀਮਾਂ ਤਲਾਸ਼ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਕਾਨੂੰਨੀ ਕਾਰਵਾਈ ਪੂਰੀ ਨਿਰਪੱਖਤਾ ਨਾਲ ਕਰ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਨਿਆਂ ਦਿਵਾਉਣਾ ਪੁਲਸ ਦੀ ਪਹਿਲੀ ਜ਼ਿੰਮੇਵਾਰੀ ਹੈ। ਡੀਐੱਸਪੀ ਨੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਵਿਚ ਪੁਲਿਸ ਨੂੰ ਸਮਰਥਨ ਦੇਣ। ਪਰ ਧਰਨਾਕਾਰੀ ਆਪਣੀ ਮੰਗ ’ਤੇ ਅੜ ਗਏ ਕਿ ਪੰਜਵੇਂ ਦੋਸ਼ੀ ਨੂੰ ਗ੍ਰਿਫਤਾਰ ਕੀਤੇ ਬਿਨਾਂ ਧਰਨਾ ਚੁੱਕਿਆ ਨਹੀਂ ਜਾਵੇਗਾ। ਥਾਣਾ ਮੁਖੀ ਜਤਿੰਦਰ ਸਿੰਘ ਨੇ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਤੇਜ਼ੀ ਨਾਲ ਚਲ ਰਹੀ ਹੈ। ਧਰਨਾ ਕਾਰਨ ਅਹਿਮ ਚੌਕ ਦੇ ਬੰਦ ਹੋਣ ਨਾਲ ਨਾ ਸਿਰਫ਼ ਬਾਘਾਪੁਰਾਣਾ ਬਲਕਿ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਆਉਣ ਵਾਲੀ ਆਵਾਜਾਈ ਵੀ ਪ੍ਰਭਾਵਿਤ ਰਹੀ। ਕਈ ਵਾਹਨ ਘੰਟਿਆਂ ਤਕ ਜਾਮ ਵਿਚ ਫਸੇ ਰਹੇ। ਕੁਝ ਡਰਾਈਵਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਦਲਵਾਂ ਰਸਤੇ ਲੈਣੇ ਪਏ, ਜਦਕਿ ਕਈ ਮਰੀਜ਼ ਸਮੇਂ ’ਤੇ ਹਸਪਤਾਲ ਨਹੀਂ ਪਹੁੰਚ ਸਕੇ। ਧਰਨਾਕਾਰੀਆਂ ਦਾ ਸਪੱਫ਼ ਕਹਿਣਾ ਸੀ ਕਿ ਉਹ ਪੰਜਵੇਂ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਿਨਾਂ ਪਿੱਛੇ ਨਹੀਂ ਹਟਣਗੇ। ਪੁਲਿਸ ਪ੍ਰਸ਼ਾਸਨ ਹਾਲਾਤਾਂ ’ਤੇ ਨਿਗਰਾਨੀ ਰੱਖੇ ਹੋਏ ਹੈ ਅਤੇ ਸਥਿਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ਾਂ ਜਾਰੀ ਹਨ। ਅਖੀਰ ਵਿਚ ਪੁਲਸ ਅਧਿਕਾਰੀਆਂ ਵੱਲੋਂ ਪਹਿਲਾਂ ਤਾਂ ਚੌਕ ਨੇੜਿਓਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਅਤੇ ਬਾਅਦ ਵਿਚ ਧਰਨਕਾਰੀਆਂ ’ਤੇ ਸਖ਼ਤੀ ਕਰਦਿਆਂ ਧਰਨੇ ਨੂੰ ਚੁਕਵਾਇਆ ਗਿਆ।