ਜਦੋਂ ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਗਿੱਦੜਬਾਹਾ ਦੀ ਐੱਸਐੱਮਓ ਡਾ. ਲੱਛਮੀ ਚਾਵਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਟਾਫ ਨੂੰ ਕਹਿ ਕੇ ਲਾਸ਼ ਨੂੰ ਮੋਰਚਰੀ ’ਚ ਰਖਵਾਇਆ ਜਾ ਰਿਹਾ ਹੈ। ਦੂਜੇ ਪਾਸੇ ਡੀਐੱਸਪੀ ਜਤਿੰਦਰ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਗਿੱਦੜਬਾਹਾ : ਇਕ ਪਿਤਾ ਦਾ ਬੁਢਾਪੇ ਦਾ ਸਹਾਰਾ ਚਲਾ ਗਿਆ, ਪਰ ਸਿਸਟਮ ਦਾ ਦਿਲ ਨਹੀਂ ਪਿਘਲਿਆ। ਤਿੰਨ ਮਈ ਤੋਂ ਲਾਪਤਾ ਪੁੱਤਰ ਦੀ ਭਾਲ ਲਈ ਪਿਤਾ 17 ਦਿਨ ਪੁਲਿਸ ਦੇ ਸਾਹਮਣੇ ਕਰਦਾ ਰਿਹਾ ਤਰਲੇ। ਸੁਣਵਾਈ ਨਹੀਂ ਹੋਈ ਤਾਂ ਖ਼ੁਦ ਭਾਲ ਕੀਤੀ। ਲਾਸ਼ ਨਹਿਰ ’ਚੋਂ ਮਿਲੀ। ਹਸਪਤਾਲ ਲਿਜਾਣ ਲਈ ਐਂਬੂਲੈਂਸ ਬੁਲਾਈ ਤਾਂ ਉਹ ਵੀ ਨਹੀਂ ਆਈ। ਫਿਰ ਜੁਗਾੜੂ ਰੇਹੜੀ ’ਤੇ ਲਾਸ਼ ਲੈ ਕੇ ਹਸਪਤਾਲ ਪਹੁੰਚਿਆ ਤਾਂ ਉੱਥੇ ਵੀ ਮਾੜਾ ਵਿਹਾਰ ਹੋਇਆ ਤੇ ਮੋਰਚਰੀ ’ਚ ਰੱਖਣ ਤੋਂ ਮਨ੍ਹਾ ਕਰ ਦਿੱਤਾ। ਗੁਰੂਸਰ ਵਾਸੀ ਬੇਵੱਸ ਪਿਤਾ ਗੁਰਦੇਵ ਸਿੰਘ ਨੇ ਕਿਹਾ ਕਿ 25 ਸਾਲਾ ਬੇਟਾ ਕੁਲਦੀਪ ਸਿੰਘ ਤਿੰਨ ਮਈ ਤੋਂ ਲਾਪਤਾ ਸੀ। ਪੁਲਿਸ ’ਚ ਸ਼ਿਕਾਇਤ ਦਿੱਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਆਪਣੇ ਪੱਧਰ ’ਤੇ ਭਾਲ ਕੀਤੀ ਤਾਂ ਮੰਗਲਵਾਰ ਨੂੰ ਨਹਿਰ ਦੇ ਨਜ਼ਦੀਕ ਬੇਟੇ ਦਾ ਮੋਟਰਸਾਈਕਲ ਮਿਲਿਆ। ਫਿਰ ਸ਼ੱਕ ਹੋਇਆ ਕਿ ਬੇਟੇ ਦੀ ਲਾਸ਼ ਨਹਿਰ ’ਚ ਹੋਵੇਗੀ। ਉਨ੍ਹਾਂ ਨੇ ਨਹਿਰ ’ਚ ਭਾਲ ਕੀਤੀ ਤਾਂ ਲਾਸ਼ ਮਿਲ ਗਈ। ਲਾਸ਼ ਗਲ ਚੁੱਕੀ ਸੀ। ਕਿਸੇ ਤੋਂ ਕੋਈ ਮਦਦ ਨਹੀਂ ਮਿਲੀ ਤਾਂ ਲਾਸ਼ ਖ਼ੁਦ ਹੀ ਨਹਿਰ ’ਚੋਂ ਕੱਢੀ। ਐਂਬੂਲੈਂਸ ਲਈ ਫੋਨ ਕੀਤਾ, ਪਰ ਕੋਈ ਮਦਦ ਨਹੀਂ ਮਿਲੀ। ਮਜਬੂਰੀ ’ਚ ਬੇਟੇ ਦੀ ਲਾਸ਼ ਨੂੰ ਬੋਰੀ ’ਚ ਪਾ ਕੇ ਮੋਟਰਸਾਈਕਲ ਵਾਲੀ ਜੁਗਾੜੂ ਰੇਹੜੀ ’ਤੇ ਲੱਦਿਆ ਤੇ 40 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਮੰਗਲਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਗਿੱਦੜਬਾਹਾ ਸਿਵਲ ਹਸਪਤਾਲ ਪਹੁੰਚਿਆ। ਇੱਥੇ ਵੀ ਸਹਾਰੇ ਦੀ ਥਾਂ ਸਟਾਫ ਦੀ ਸੰਵੇਦਨਹੀਣਤਾ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਸਟਾਫ ਨੇ ਦੋ ਟੁੱਕ ਕਿਹਾ ਕਿ ਇੱਥੇ ਪੋਸਟਮਾਰਟਮ ਨਹੀਂ ਹੁੰਦਾ। ਲਾਸ਼ ਫ਼ਰੀਦਕੋਟ ਲੈ ਜਾਓ। ਇਕ ਬੇਵੱਸ ਪਿਤਾ ਆਪਣੇ ਬੇਟੇ ਦੀ ਲਾਸ਼ ਲਈ ਹਸਪਤਾਲ ਦੇ ਗੇਟ ’ਤੇ ਲਗਪਗ ਇਕ ਘੰਟੇ ਤੱਕ ਖੜ੍ਹਾ ਰਿਹਾ, ਪਰ ਸਿਹਤ ਵਿਭਾਗ ਦੇ ਕਿਸੇ ਸਟਾਫ ਦਾ ਦਿਲ ਨਹੀਂ ਪਿਘਲਿਆ। ਮੀਡੀਆ ਤੇ ਸਥਾਨਕ ਲੋਕ ਸਮਰਥਨ ’ਚ ਆਏ ਤਾਂ ਹਸਪਤਾਲ ਮੈਨੇਜਮੈਂਟ ਤੇ ਪੁਲਿਸ ਪ੍ਰਸ਼ਾਸਨ ਹਰਕਤ ’ਚ ਆਇਆ। ਫਿਰ ਐਂਬੂਲੈਂਸ ਦਾ ਇੰਤਜ਼ਾਮ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਮੁਕਤਸਰ ਦੇ ਸਿਵਲ ਹਸਪਤਾਲ ਭੇਜਿਆ ਗਿਆ।
ਪਿਤਾ ਦਾ ਦੋਸ਼, ਠੇਕੇਦਾਰ ਨੇ ਹੱਤਿਆ ਕਰ ਲਾਸ਼ ਨਹਿਰ ’ਚ ਸੁੱਟੀ
ਗੁਰਦੇਵ ਸਿੰਘ ਦਾ ਦੋਸ਼ ਹੈ ਕਿ ਬੇਟੇ ਕੁਲਦੀਪ ਦੀ ਹੱਤਿਆ ਗੁਰੂਸਰ ਪਿੰਡ ਵਾਸੀ ਠੇਕੇਦਾਰ ਨੇ ਕੀਤੀ ਹੈ। ਤਿੰਨ ਮਈ ਨੂੰ ਬੇਟਾ ਮਜ਼ਦੂਰੀ ਲਈ ਮੋਟਰਸਾਈਕਲ ’ਤੇ ਗਿਆ ਸੀ। ਠੇਕੇਦਾਰ ਨਾਲ ਝਗੜਾ ਹੋਇਆ ਸੀ। ਦੋਸ਼ ਹੈ ਕਿ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਕੇ ਉਸ ਨੂੰ ਨਹਿਰ ’ਚ ਸੁੱਟ ਦਿੱਤਾ ਗਿਆ। ਡੀਐੱਸਪੀ ਜਤਿੰਦਰ ਨੇ ਸੁਣਵਾਈ ਨਾ ਕਰਨ ਦੇ ਦੋਸ਼ ਨੂੰ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਨੌਜਵਾਨ ਦੀ ਭਾਲ ’ਚ ਪੂਰੀ ਮਦਦ ਕੀਤੀ। ਪਰਿਵਾਰ ਹੱਤਿਆ ਦਾ ਦੋਸ਼ ਲਗਾ ਰਿਹਾ ਹੈ। ਉਹ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਮੁਲਜ਼ਮ ਖ਼ਿਲਾਫ਼ ਥਾਣਾ ਗਿੱਦੜਬਾਹਾ ’ਚ ਐੱਫਆਈਆਰ ਦਰਜ ਕਰ ਲਈ ਗਈ ਹੈ।
ਐੱਸਐੱਮਓ ਨੇ ਹਸਪਤਾਲ ਸਟਾਫ ਦੀ ਬੇਰੁਖ਼ੀ ਦੇ ਸਵਾਲ ਨੂੰ ਟਾਲ਼ਿਆ
ਸਿਵਲ ਹਸਪਤਾਲ ਗਿੱਦੜਬਾਹਾ ਦੀ ਐੱਸਐੱਮਓ ਡਾ. ਰਸ਼ਮੀ ਚਾਵਲਾ ਨਾਲ ਜਦੋਂ ਸਟਾਫ ਦੀ ਬੇਰੁਖ਼ੀ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਟਾਲ਼ਦੇ ਹੋਏ ਕਿਹਾ ਕਿ ਸਟਾਫ ਨੂੰ ਕਹਿ ਕੇ ਲਾਸ਼ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ।