ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੇ ਵਧਾਇਆ ਮਾਣ: ਪਦਮ ਸ਼੍ਰੀ ਐਵਾਰਡ ਨਾਲ ਨਿਵਾਜ਼ੀ ਜਾਵੇਗੀ ਮਹਿਲਾ ਕ੍ਰਿਕਟ ਦੀ 'ਸੁਪਰ ਸਟਾਰ'; ਖੁਸ਼ੀ 'ਚ ਝੂਮ ਉੱਠਿਆ ਪਰਿਵਾਰ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਦੇਸ਼ ਦੇ ਪ੍ਰਤਿਸ਼ਠਿਤ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕਰਨ ਦੇ ਐਲਾਨ ਤੋਂ ਬਾਅਦ ਖੇਡ ਜਗਤ ਸਮੇਤ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਇਤਿਹਾਸਿਕ ਮੌਕੇ 'ਤੇ ਹਰਮਨਪ੍ਰੀਤ ਕੌਰ ਦੇ ਪਿਤਾ ਹਰਿਮੰਦਰ ਸਿੰਘ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਧੀ ਨੂੰ ਇੰਨੇ ਵੱਡੇ ਅਤੇ ਮਾਣਯੋਗ ਐਵਾਰਡ ਨਾਲ ਨਿਵਾਜਿਆ ਜਾਵੇਗਾ।
Publish Date: Wed, 28 Jan 2026 09:45 AM (IST)
Updated Date: Wed, 28 Jan 2026 09:46 AM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ - ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਦੇਸ਼ ਦੇ ਪ੍ਰਤਿਸ਼ਠਿਤ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕਰਨ ਦੇ ਐਲਾਨ ਤੋਂ ਬਾਅਦ ਖੇਡ ਜਗਤ ਸਮੇਤ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਇਤਿਹਾਸਿਕ ਮੌਕੇ 'ਤੇ ਹਰਮਨਪ੍ਰੀਤ ਕੌਰ ਦੇ ਪਿਤਾ ਹਰਿਮੰਦਰ ਸਿੰਘ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਧੀ ਨੂੰ ਇੰਨੇ ਵੱਡੇ ਅਤੇ ਮਾਣਯੋਗ ਐਵਾਰਡ ਨਾਲ ਨਿਵਾਜਿਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਹਰਿਮੰਦਰ ਸਿੰਘ ਨੇ ਕਿਹਾ ਕਿ "ਹਰਮਨਪ੍ਰੀਤ ਕੌਰ ਨੇ ਬਹੁਤ ਘੱਟ ਸਾਧਨਾਂ ਨਾਲ ਆਪਣਾ ਕ੍ਰਿਕਟ ਕਰੀਅਰ ਸ਼ੁਰੂ ਕੀਤਾ ਸੀ। ਉਸ ਨੇ ਛੋਟੀ ਉਮਰ ਤੋਂ ਹੀ ਕ੍ਰਿਕਟ ਪ੍ਰਤੀ ਆਪਣਾ ਜੁਨੂੰਨ ਦਿਖਾਇਆ ਅਤੇ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਅੱਜ ਉਹ ਇਸ ਮੁਕਾਮ ਤੱਕ ਪਹੁੰਚੀ ਹੈ। ਪਦਮ ਸ਼੍ਰੀ ਐਵਾਰਡ ਸਿਰਫ਼ ਹਰਮਨਪ੍ਰੀਤ ਲਈ ਨਹੀਂ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਦੀਆਂ ਧੀਆਂ ਲਈ ਮਾਣ ਦੀ ਗੱਲ ਹੈ।"
ਦੇਸ਼ ਦਾ ਨਾਮ ਰੌਸ਼ਨ ਕੀਤਾ
ਉਨ੍ਹਾਂ ਅੱਗੇ ਕਿਹਾ ਕਿ "ਇਸ ਤੋਂ ਪਹਿਲਾਂ ਵੀ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕਰਦਿਆਂ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਭਾਰਤੀ ਮਹਿਲਾ ਟੀਮ ਨੇ ਉਸ ਦੀ ਅਗਵਾਈ ਹੇਠ ਵਿਸ਼ਵ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਵਿਸ਼ਵ ਕੱਪ ਸਮੇਤ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉਸ ਦੀ ਆਕਰਮਕ ਬੱਲੇਬਾਜ਼ੀ ਅਤੇ ਨਿਡਰ ਅਗਵਾਈ ਨੇ ਭਾਰਤ ਨੂੰ ਨਵੀਂ ਪਹਿਚਾਣ ਦਿੱਤੀ ਹੈ।"
ਦੇਸ਼ ਦੀਆਂ ਨੌਜਵਾਨ ਲੜਕੀਆਂ ਲਈ ਪ੍ਰੇਰਣਾ
ਹਰਿਮੰਦਰ ਸਿੰਘ ਨੇ ਕਿਹਾ ਕਿ ਹਰਮਨਪ੍ਰੀਤ ਦੀ ਇਹ ਸਫਲਤਾ ਦੇਸ਼ ਦੀਆਂ ਨੌਜਵਾਨ ਲੜਕੀਆਂ ਲਈ ਇੱਕ ਪ੍ਰੇਰਣਾ ਹੈ। ਅੱਜ ਦੀ ਧੀ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਅਤੇ ਜੇ ਉਸ ਨੂੰ ਸਹੀ ਮੌਕਾ ਅਤੇ ਸਹਾਰਾ ਮਿਲੇ ਤਾਂ ਉਹ ਹਰ ਉੱਚਾਈ ਨੂੰ ਛੂਹ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਸ਼੍ਰੀ ਐਵਾਰਡ ਖਿਡਾਰੀਆਂ ਦੀ ਮਿਹਨਤ ਅਤੇ ਸਮਰਪਣ ਨੂੰ ਮਾਨਤਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਸਦਾ ਲਈ ਯਾਦਗਾਰ ਰਹੇਗਾ ਪਲ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਪਰਿਵਾਰ ਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਹਰਮਨਪ੍ਰੀਤ ਕੌਰ ਨੂੰ ਪਦਮ ਸ਼੍ਰੀ ਵਰਗੇ ਵੱਡੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਪਲ ਸਦਾ ਲਈ ਯਾਦਗਾਰ ਰਹੇਗਾ।