ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਪ੍ਰਤੀ ਸਰਕਾਰ ਦੀ ਬੇਰੁਖ਼ੀ ਨਿੰਦਣਯੋਗ : ਗੰਧੜ
ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਪ੍ਰਤੀ ਸਰਕਾਰ ਦੀ ਬੇਰੁਖ਼ੀ ਨਿੰਦਣਯੋਗ : ਗੰਧੜ
Publish Date: Wed, 17 Dec 2025 03:18 PM (IST)
Updated Date: Wed, 17 Dec 2025 03:18 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਾਬਕਾ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਸ੍ਰੀ ਮੁਕਤਸਰ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਬਹੁਤ ਹੀ ਪਵਿੱਤਰ ਅਤੇ ਇਤਿਹਾਸਕ ਮਹੱਤਤਾ ਵਾਲੀ ਹੈ। ਇਸ ਧਰਤੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੈ ਅਤੇ ਇੱਥੇ 40 ਮੁਕਤਿਆਂ ਨੇ ਧਰਮ ਅਤੇ ਸੱਚ ਦੀ ਰੱਖਿਆ ਲਈ ਸ਼ਹਾਦਤਾਂ ਦਿੱਤੀਆਂ। ਹਰ ਸਾਲ ਮਾਘੀ ਦੇ ਪਵਿੱਤਰ ਮੌਕੇ ’ਤੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਇਸ ਧਰਤੀ ’ਤੇ ਨਤਮਸਤਕ ਹੋਣ ਅਤੇ ਸਰੋਵਰਾਂ ’ਚ ਇਸ਼ਨਾਨ ਕਰਨ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਇੰਨੀ ਵੱਡੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਹੋਣ ਦੇ ਬਾਵਜੂਦ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਕਾਸ ਪੱਖੋਂ ਕਾਫ਼ੀ ਪਿੱਛੇ ਹੈ। ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਗਲੀਆਂ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਕਈ ਥਾਵਾਂ ’ਤੇ ਸੀਵਰ ਅਤੇ ਪੀਣ ਵਾਲਾ ਪਾਣੀ ਸੜਕਾਂ ਉੱਤੇ ਵਗ ਰਿਹਾ ਹੈ। ਇਸ ਕਾਰਨ ਸ਼ਹਿਰ ਵਾਸੀਆਂ ਨਾਲ ਨਾਲ ਦੂਰੋਂ ਆਉਣ ਵਾਲੀਆਂ ਸੰਗਤਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੂਬੇਦਾਰ ਗੰਧੜ ਨੇ ਦੱਸਿਆ ਕਿ ਸ਼ਹਿਰ ਦੇ ਅੰਦਰ ਆਵਾਜਾਈ ਦੀ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਹੈ। ਹਰ ਸਮੇਂ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ, ਖ਼ਾਸ ਕਰਕੇ ਬੱਸ ਸਟੈਂਡ ਅਤੇ ਮੁੱਖ ਸੜਕਾਂ ਦੇ ਨੇੜੇ। ਟੁੱਟੀਆਂ ਸੜਕਾਂ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਇਨ੍ਹਾਂ ਰਸਤਿਆਂ ਤੋਂ ਸਕੂਲਾਂ ਦੇ ਬੱਚੇ, ਬੱਸਾਂ ਅਤੇ ਹੋਰ ਵਾਹਨ ਲੰਘਦੇ ਹਨ। ਰਸਤੇ ਇੰਨੇ ਤੰਗ ਅਤੇ ਖ਼ਰਾਬ ਹਨ ਕਿ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਹੋਣ ਦੇ ਬਾਵਜੂਦ ਪਿਛਲੇ ਕਰੀਬ ਚਾਰ ਸਾਲਾਂ ’ਚ ਸ਼ਹਿਰ ਦੇ ਵਿਕਾਸ ਵੱਲ ਕੋਈ ਢੁੱਕਵਾਂ ਧਿਆਨ ਨਹੀਂ ਦਿੱਤਾ ਗਿਆ। ਸ਼ਹਿਰ ਦਾ ਪ੍ਰਸ਼ਾਸਨ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਦਿਸਦਾ ਹੈ, ਜੋ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਬੇਪਰਵਾਹ ਹੈ। ਅੰਤ ’ਚ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ੍ਰੀ ਮੁਕਤਸਰ ਸਾਹਿਬ ਦੀ ਇਸ ਪਵਿੱਤਰ ਧਰਤੀ ਦਾ ਯੋਗ ਮਰਿਆਦਾ ਅਨੁਸਾਰ ਵਿਕਾਸ ਕੀਤਾ ਜਾਵੇ, ਸੜਕਾਂ, ਸੀਵਰ ਅਤੇ ਆਵਾਜਾਈ ਪ੍ਰਬੰਧਾਂ ਨੂੰ ਤੁਰੰਤ ਸੁਧਾਰਿਆ ਜਾਵੇ ਅਤੇ ਸ਼ਹਿਰ ਦੀ ਸੁੰਦਰਤਾ ਵਧਾਈ ਜਾਵੇ, ਤਾਂ ਜੋ ਇੱਥੇ ਆਉਣ ਵਾਲੀਆਂ ਸੰਗਤਾਂ ਨਿਰਾਸ਼ ਨਾ ਹੋਣ ਅਤੇ ਸ੍ਰੀ ਮੁਕਤਸਰ ਸਾਹਿਬ ਆਪਣੀ ਅਸਲੀ ਸ਼ਾਨ ਦੇ ਨਾਲ ਚਮਕ ਸਕੇ।