ਮੋਗਾ ਨੇੜੇ ਤਿੰਨ ਕਾਰਾਂ ਦੀ ਭਿਆਨਕ ਟੱਕਰ, ਇਕ ਗੰਭੀਰ ਜ਼ਖ਼ਮੀ
ਮੋਗਾ ਜ਼ਿਲ੍ਹੇ ਵਿਚ ਤੇਜ਼ ਰਫ਼ਤਾਰ ਇਕ
Publish Date: Wed, 07 Jan 2026 05:15 PM (IST)
Updated Date: Thu, 08 Jan 2026 04:03 AM (IST)

ਮੋਗਾ ਨੇੜੇ ਪਿੰਡ ਜਨੇਰ ਦੇ ਕੋਲ ਹਾਦਸੇ ਦੌਰਾਨ ਨੁਕਸਾਨੀਆਂ ਕਾਰਾਂ ਦੀ ਤਸਵੀਰ ਅਤੇ ਜਾਣਕਾਰੀ ਦਿੰਦੀ ਹੋਈ ਐੱਸਐੱਸਐੱਫ ਸੜਕ ਸੁਰੱਖਿਆ ਫੋਰਸ ਦੀ ਟੀਮ। ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਜ਼ਿਲ੍ਹੇ ’ਚ ਤੇਜ਼ ਰਫ਼ਤਾਰ ਇਕ ਵਾਰ ਫਿਰ ਕਹਿਰ ਬਣ ਕੇ ਸਾਹਮਣੇ ਆਈ ਹੈ। ਬੁੱਧਵਾਰ ਨੂੰ ਮੋਗਾ ਨੇੜੇ ਪਿੰਡ ਜਨੇਰ ਕੋਲ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਤਿੰਨ ਕਾਰਾਂ ਆਪਸ ’ਚ ਭਿਆਨਕ ਟੱਕਰ ਦਾ ਸ਼ਿਕਾਰ ਹੋ ਗਈਆਂ। ਇਹ ਸੜਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਤਿੰਨੋਂ ਗੱਡੀਆਂ ਦੇ ਅੱਗੇ-ਪਿੱਛੇ ਦੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਸੜਕ ’ਤੇ ਲੋਹੇ ਦੇ ਪਰਖੱਚੇ ਖਿੱਲਰ ਗਏ। ਖੁਦ ਕਿਸਮਤੀ ਰਹੀ ਕਿ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਕ ਕਾਰ ਸਵਾਰ ਦੀ ਲੱਤ ਟੁੱਟਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਮੌਕੇ ‘ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ, ਜਿਸਨੂੰ ਬਾਅਦ ਵਿਚ ਸੁਚੱਜੇ ਢੰਗ ਨਾਲ ਬਹਾਲ ਕਰ ਦਿੱਤਾ ਗਿਆ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕਾਰ ਚਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਤੋਂ ਪਿੰਡ ਕਾਦਰਵਾਲਾ ਵੱਲ ਜਾ ਰਹੇ ਸਨ। ਇਸ ਦੌਰਾਨ ਇਕ ਕਰੇਟਾ ਕਾਰ ਬੇਹੱਦ ਤੇਜ਼ ਰਫ਼ਤਾਰ ਵਿਚ ਆਈ, ਜਿਸ ਨੇ ਪਹਿਲਾਂ ਇਕ ਸਵਿਫਟ ਕਾਰ ਨੂੰ ਟੱਕਰ ਮਾਰੀ ਤੇ ਫਿਰ ਉਨ੍ਹਾਂ ਦੀ ਕਾਰ ਨਾਲ ਜਾ ਟਕਰਾਈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਗੱਡੀ ਵਿਚ ਸੀਟ ਬੈਲਟਾਂ ਲੱਗੀਆਂ ਹੋਣ ਕਾਰਨ ਉਹ ਅਤੇ ਹੋਰ ਸਵਾਰ ਵੱਡੇ ਨੁਕਸਾਨ ਤੋਂ ਬਚ ਗਏ। ਇਸ ਮੌਕੇ ਐੱਸਐੱਸਐੱਫ ਟੀਮ ਦੀ ਕਾਂਸਟੇਬਲ ਪਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਲੁਹਾਰਾ ਨੇੜੇ ਤਿੰਨ ਗੱਡੀਆਂ ਦਾ ਹਾਦਸਾ ਵਾਪਰਿਆ ਹੈ। ਉਨ੍ਹਾਂ ਮੁਤਾਬਕ ਕੋਟ ਇਸੇ ਖਾਂ ਵੱਲੋਂ ਆ ਰਹੀ ਇੱਕ ਕਾਰ ਬਹੁਤ ਹੀ ਤੇਜ਼ ਰਫ਼ਤਾਰ ਵਿੱਚ ਸੀ ਅਤੇ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਦੋ ਹੋਰ ਕਾਰਾਂ ਨਾਲ ਟੱਕਰ ਹੋ ਗਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਿਚ ਇਕ ਗੱਡੀ ਚਾਲਕ ਗੰਭੀਰ ਜ਼ਖ਼ਮੀ ਹੋਇਆ ਹੈ, ਜਿਸ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੜਕਾਂ ਉੱਤੇ ਗੱਡੀਆਂ ਚਲਾਉਂਦੇ ਸਮੇਂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਤੋਂ ਬਚਿਆ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।