ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ : ਡਾ. ਬਲਜੀਤ ਕੌਰ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਡੂਰ-ਟੂ-ਡੋਰ ਜਾ ਕੇ ‘ ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਕੀਤਾ ਜਾਗਰੂਕ
Publish Date: Sat, 24 Jan 2026 05:35 PM (IST)
Updated Date: Sat, 24 Jan 2026 05:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਡੂਰ-ਟੂ-ਡੂਰ ਜਾ ਕੇ ਲੋਕਾਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਸਿਹਤ ਯੋਜਨਾ’ ਪੰਜਾਬ ਸਰਕਾਰ ਦਾ ਇਤਿਹਾਸਕ ਉਪਰਾਲਾ ਹੈ, ਜਿਸ ਨਾਲ ਹਰੇਕ ਪਰਿਵਾਰ ਨੂੰ ਸਿਹਤ ਪੱਖੋਂ ਬਿਨਾਂ ਕਿਸੇ ਸ਼ਰਤ ’ਤੇ ਇਲਾਜ ਮਿਲੇਗਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕਰੇ ਸਭ ਠੀਕ ਰਹਿਣ ਪਰ ਜੇਕਰ ਕਿਸੇ ਨੂੰ ਸਿਹਤ ਪੱਖੋਂ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਹ ਯੋਜਨਾ ਉਸਦੇ ਲਈ ਲਾਹੇਵੰਦ ਸਾਬਿਤ ਹੋਵੇਗੀ। ਉਸਨੂੰ ਆਰਥਿਕ ਤੌਰ ’ਤੇ ਮੁਸ਼ਕਿਲ ਨਹੀਂ ਆਵੇਗੀ, 10 ਲੱਖ ਦਾ ਕੈਸ਼ਲੈਸ ਇਲਾਜ ਮਿਲੇਗਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਟੈਸਟ, ਦਵਾਈਆਂ ਅਤੇ ਆਪ੍ਰੇਸ਼ਨ ਦਾ ਪੂਰਾ ਖਰਚ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਧੀਨ ਪੂਰਾ ਪਰਿਵਾਰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੋਜਨਾ ਅਧੀਨ ਰਾਜ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਸ਼ਾਮਲ ਕੀਤੇ ਗਏ ਹਨ ਤਾਂ ਜੋ ਮਰੀਜਾਂ ਨੂੰ ਕੋਈ ਖੱਜਲ-ਖੁਆਰੀ ਨਾ ਝਲਣੀ ਪਵੇ। ਇਸ ਯੋਜਨਾ ਅਧੀਨ ਛੋਟੀ ਤੋਂ ਵੱਡੀ ਹਰ ਬਿਮਾਰੀ ਸ਼ਾਮਲ ਕੀਤੀ ਗਈ ਹੈ। ਕਾਰਡ ਦੀ ਰਜਿਸਟ੍ਰੇਸ਼ਨ ਪਹਿਲੇ ਦਿਨ ਤੋਂ ਆਨਲਾਈਨ ਰਹੇਗੀ ਤੇ ਹਰੇਕ ਜਾਣਕਾਰੀ ਸਬੰਧੀ ਅਪਡੇਟ ਇਸ ’ਤੇ ਉਪਲਬੱਧ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਨੋਜਵਾਨਾਂ ਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਦੀਆਂ ਡਿਉਟੀਆਂ ਵੀ ਲਗਾਈਆਂ ਗਈਆਂ ਹਨ ਜੋ ਕਿ ਘਰ-ਘਰ ਜਾ ਕੇ ਲੋਕਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਸਾਂਝੀ ਕਰਨਗੇ ਤਾਂ ਜੋ ਕੋਈ ਵੀ ਲੋਕ ਇਸ ਯੋਜਨਾ ਤਹਿਤ ਕਾਰਡ ਬਣਾਉਣ ਤੋਂ ਵਾਂਝੇ ਨਾ ਰਹਿਣ।