ਸਕੂਲ ਸੇਫਟੀ ਵਾਹਨ ਪੋਲਸੀ ਦੀ ਪਾਲਣਾ ਕਰਨ ਡਰਾਈਵਰ : ਏਆਰਟੀਓ
ਸਕੂਲੀ ਵੈਨਾ ਤੇ ਰਿਫਲੈਕਟਰ ਲਗਾ ਕੇ ਡਰਾਈਵਰਾਂ ਨੂੰ ਕੀਤਾ ਜਾਗਰੂਕ
Publish Date: Sat, 31 Jan 2026 04:01 PM (IST)
Updated Date: Sat, 31 Jan 2026 04:04 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਮੁਕਤੀਸਰ ਵੈੱਲਫੇਅਰ ਕਲੱਬ ਰਜਿ. ਵੱਲੋਂ ਪੰਜਾਬ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਦੀਆਂ ਵੈਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਜਾ ਰਹੇ ਹਨ। ਇਹ ਰਿਫਲੈਕਟਰ ਲਗਾਉਣ ਦੀ ਸ਼ੁਰੂਆਤ ਏਆਰਟੀਓ ਟਰਾਂਸਪੋਰਟ ਵਿਭਾਗ ਜਸਵਿੰਦਰ ਕੰਬੋਜ ਨੇ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਡੇਰਾ ਭਾਈ ਮਸਤਾਨ ਦੇ ਪ੍ਰਿੰਸੀਪਲ ਮਨੀਸ਼ ਚੋਪੜਾ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਡਾਕਟਰ ਵਿਜੇ ਬਜਾਜ, ਦੀਪਾਂਸ਼ੂ ਕੁਮਾਰ, ਨਵਦੀਪ ਕੁਮਾਰ, ਸਿੱਖਿਆ ਵਿਭਾਗ ਦੇ ਕੁਆਰਡੀਨੇਟਰ ਸ਼ਮਿੰਦਰ ਬੱਤਰਾ, ਸਿਹਤ ਵਿਭਾਗ ਤੋਂ ਹੈਲਥ ਇੰਸਪੈਕਟਰ ਲਾਲ ਚੰਦ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਸੰਸਥਾ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਸਕੂਲ ਵੈਨਾਂ ’ਤੇ ਰਿਫਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਦੀ ਸੁਰੱਖਿਆ ਵੱਧ ਸਕੇ। ਇਸ ਦੌਰਾਨ ਏਆਰਟੀਓ ਜਸਵਿੰਦਰ ਕੰਬੋਜ ਨੇ ਕਿਹਾ ਕਿ ਡਰਾਈਵਰ ਸਕੂਲ ਸੇਫਟੀ ਵਾਹਨ ਪੋਲਸੀ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਦੀ ਸੁਰੱਖਿਆ ਸਾਡਾ ਸਭ ਤੋਂ ਵੱਡਾ ਫਰਜ਼ ਹੈ। ਇਸ ਦੌਰਾਨ ਡਰਾਈਵਰਾਂ ਨੂੰ ਜਾਗਰੂਕਤਾ ਇਸ਼ਤਿਹਾਰ ਵਿਤਰਤ ਕੀਤੇ ਗਏ। ਸਕੂਲ ਪ੍ਰਿੰਸੀਪਲ ਮਨੀਸ਼ ਚੋਪੜਾ ਨੇ ਕਿਹਾ ਕਿ ਮੁਕਤੀਸਰ ਵੈੱਲਫੇਅਰ ਕਲੱਬ ਤੇ ਟ੍ਰਾਂਸਪੋਰਟ ਵਿਭਾਗ ਵੱਲੋਂ ਜੋ ਡਰਾਈਵਰਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੇ ਵਾਹਨਾਂ ’ਤੇ ਰਿਫਲੈਕਟਰ ਲਗਾਏ ਜਾ ਰਹੇ ਹਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਅਸੀਂ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ। ਹੈਲਥ ਇੰਸਪੈਕਟਰ ਲਾਲ ਚੰਦ ਨੇ ਕਿਹਾ ਕਿ ਸੰਸਥਾ ਵੱਲੋਂ ਮੁਫਤ ’ਚ ਰਿਫਲੈਕਟਰ ਵਿਤਰਿਤ ਕੀਤੇ ਜਾ ਰਹੇ ਹਨ। ਹਰੇਕ ਵਿਅਕਤੀ ਨੂੰ ਇਸਦਾ ਲਾਭ ਉਠਾਉਣਾ ਚਾਹੀਦਾ ਹੈ। ਸ਼ਮਿੰਦਰ ਬੱਤਰਾ ਨੇ ਕਿਹਾ ਕਿ ਡਰਾਈਵਰ ਸਮੇਂ ਸਮੇਂ ’ਤੇ ਆਪਣੇ ਵਾਹਨ ਦਾ ਚੈੱਕਅਪ ਕਰਵਾਉਂਦੇ ਰਹਿਣ ਅਤੇ ਜੋ ਵੀ ਹਦਾਇਤਾਂ ਸਮੇਂ ਸਮੇਂ ’ਤੇ ਸਰਕਾਰ ਵੱਲੋਂ ਡਰਾਈਵਰਾਂ ਲਈ ਆਉਂਦੀਆਂ ਹਨ ਉਨ੍ਹਾਂ ਦੀ ਪਾਲਣਾ ਕਰਦੇ ਰਹਿਣ।