ਪੰਜਾਬ ਸਰਕਾਰ ਦੇ ਅਧਿਆਪਕ ਵਿਰੋਧੀ ਨੋਟੀਫਕੇਸ਼ਨ ਦੀਆਂ ਕਾਪੀਆਂ ਸਾੜੀਆਂ
ਪੰਜਾਬ ਸਰਕਾਰ ਦੇ ਅਧਿਆਪਕ ਵਿਰੋਧੀ ਨੋਟੀਫਕੇਸ਼ਨ ਦੀਆਂ ਕਾਪੀਆਂ ਸਾੜੀਆਂ
Publish Date: Wed, 11 Feb 2026 05:57 PM (IST)
Updated Date: Wed, 11 Feb 2026 05:59 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਸ੍ਰੀ ਮੁਕਤਸਰ ਸਾਹਿਬ ’ਚ ਸਾਂਝਾ ਅਧਿਆਪਕ ਮੋਰਚਾ, ਡੀਟੀਐੱਫ.ਅਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਅਧਿਆਪਕ ਵਿਰੋਧੀ ਨੋਟੀਫਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਮਨਹੋਰ ਲਾਲ ਸ਼ਰਮਾ ਜੀਟੀਯੂ, ਪਵਨ ਕੁਮਾਰ ਡੀਟੀਐਫ, ਜੀਵਨ ਸਿੰਘ ਬਧਾਈ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਕਿਹਾ ਕਿ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਪ੍ਰਮੋਸ਼ਨ ਸੈਲ ਵੱਲੋਂ 7 ਫਰਵਰੀ ਨੂੰ ਪੱਤਰ ਜਾਰੀ ਕਰਕੇ ਨਾਦਰਸ਼ਾਹੀ ਹੁਕਮ ਦਿੱਤੇ ਗਏ ਹਨ। ਮਾਸਟਰ ਕਾਡਰ ਦੀਆਂ ਪਦ ਉਨਤੀਆਂ ’ਚ ਟੀਈਟੀ ਦੀ ਸ਼ਰਤ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ ਕਿ ਬਿਲਕੁਲ ਗੈਰ ਵਿਗਿਆਨਿਕ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਹੈ ਕਿ ਬੀਤੇ ਦਿਨੀਂ ਸਿੱਖਿਆ ਵਿਭਾਗ ’ਚ ਮਾਸਟਰ ਕੇਡਰ ਵਿੱਚ ਹੋਈਆਂ ਪ੍ਰਮੋਸ਼ਨਾਂ ਪ੍ਰਾਪਤ ਕਰ ਚੁੱਕੇ ਸਾਰੇ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾ ਕੇ ਜੁਆਇੰਨ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ 2011 ਤੋਂ ਪਹਿਲਾਂ ਭਰਤੀ ਹੋਏ ਹਨ, ਉਨ੍ਹਾਂ ਤੇ ਟੈੱਟ ਪਾਸ ਕਰਨ ਦੀ ਸ਼ਰਤ ਲਾਗੂ ਕਰਨਾ ਬੇਮਾਇਨੇ ਹੈ, ਜਿਸ ਕਾਰਨ ਬਹੁਤ ਸਾਰੇ ਸੀਨੀਅਰ ਆਧਿਆਪਕ ਤਰੱਕੀ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਕਿਹਾ ਕਿਉਕਿ ਸਿੱਖਿਆ ਵਿਭਾਗ ’ਚ ਟੈੱਟ ਪਾਸ ਕਰਨ ਉਪਰੰਤ ਭਰਤੀਆਂ 2011 ਵਿੱਚ ਹੀ ਸ਼ੁਰੂ ਹੋਈਆਂ ਹਨ ਤੇ ਪਹਿਲੀਆਂ ਭਰਤੀਆਂ ਤੇ ਹੁਣ ਟੈੱਟ ਦੀ ਸ਼ਰਤ ਲਾਗੂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਹੋਰ ਕਿਹਾ ਕਿ ਤਰੱਕੀ ਜਾਂ ਪ੍ਰਮੋਸ਼ਨ ਦਾ ਅਰਥ ਤਜ਼ਰਬੇ ਅਤੇ ਲੈਂਥ ਆਫ ਸਰਵਿਸ ਨਾਲ਼ ਹੈ। ਸਿੱਖਿਆ ਵਿਭਾਗ ਪੰਜਾਬ ਮਾਣਯੋਗ ਸੁਪਰੀਮ ਕੋਰਟ ਦੇ ਨਿਯਮਾਂ ਦੀ ਵਿਆਖਿਆ, ਸਿੱਖਿਆ ਸੁਧਾਰਾਂ ਲਈ ਘੱਟ ਪਰ ਅਧਿਆਪਕਾਂ ਨੂੰ ਤਕਲੀਫ਼ ਦੇਣ ਲਈ ਵੱਧ ਕਰ ਰਿਹਾ ਹੈ, ਜਦਕਿ ਹੋਰ ਬਹੁਤ ਸਾਰੇ ਮਾਨਯੋਗ ਉੱਚ ਅਦਾਲਤਾਂ ਦੇ ਅਧਿਆਪਕ ਪੱਖੀ ਫੈਂਸਲੇ ਲਾਗੂ ਕਰਨ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਅਧਿਆਪਕ ਜਥੇਬੰਦੀਆਂ ਦੀ ਇਸ ਮਸਲੇ ਤੇ ਮੀਟਿੰਗ ਵੀ ਹੋਈ ਸੀ ਅਤੇ ਉਨਾਂ ਵੱਲੋਂ ਇਸ ਮਸਲੇ ਦਾ ਸਾਰਥਿਕ ਹੱਲ ਕੱਢਣ ਦਾ ਵਿਸ਼ਵਾਸ ਵੀ ਦਵਾਇਆ ਸੀ ਪਰ ਫਿਰ ਵੀ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਨਾਦਰਸ਼ਾਹੀ ਪੱਤਰ ਜਾਰੀ ਕਰਨਾ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਨੀਅਤ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਦਾ ਪੱਤਰ ਤੁਰੰਤ ਵਾਪਸ ਲੈ ਕੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕਰੇ, ਅਧਿਆਪਕਾਂ ਤੇ ਇਸ ਤਰ੍ਹਾਂ ਟੀਈਟੀ ਦੀ ਸ਼ਰਤ ਥੋਪਣਾ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਨੂੰ ਸੰਘਰਸ਼ ਦੇ ਰਸਤੇ ਤੇ ਲੈ ਕੇ ਆਉਣਾ ਹੈ। ਅਧਿਆਪਕਾਂ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਇਹੋ ਜਿਹੇ ਬੇਲੋੜੇ ਫੈਸਲੇ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ’ਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਰੋਸ ਧਰਨੇ ’ਚ ਨੀਰਜ਼ ਬਜਾਜ, ਚਰਨਜੀਤ ਅਟਵਾਲ, ਸੁਰਿੰਦਰ ਸੇਤੀਆ, ਪਰਮਾਤਮਾ ਸਿੰਘ, ਬਲਦੇਵ ਸਿੰਘ ਸਾਹੀਵਾਲ, ਪਰਮਜੀਤ ਸਿੰਘ, ਕੁਲਬੀਰ ਜੋਸ਼ੀ, ਕੁਲਵਿੰਦਰ ਸਿੰਘ ਗੋਨਿਆਣਾ, ਡਾ.ਅਮਨਦੀਪ ਸਿੰਘ, ਵਿਕਰਮਜੀਤ ਸਿੰਘ, ਰਵੀ ਕੁਮਾਰ, ਪਰਮਿੰਦਰ ਖੋਖਰ, ਬਲਕਰਨ ਸਿੰਘ, ਕੁਲਵਿੰਦਰ ਸਿੰਘ ਗੁਲਾਬੇਵਾਲਾ, ਵੀਨਾ ਰਾਣੀ, ਅਮਨਦੀਪ ਕੌਰ, ਪੂਨਮ ਰਾਣੀ, ਪਰਮਿੰਦਰ ਕੌਰ, ਕੀਮਤ ਕੀਮਤ ਕੁਮਾਰ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਆਗੂ ਹਾਜ਼ਰ ਸਨ।