ਪਾਰਟੀ ਉਮੀਦਵਾਰ ਦੇ ਵਿਰੋਧੀਆਂ ਨੂੰ ਦਿਖਾਇਆ ਜਾਵੇਗਾ ਬਾਹਰ ਦਾ ਰਸਤਾ : ਵੜਿੰਗ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਵੱਲੋਂ ਤਿਆਰੀਆਂ ਆਰੰਭ
Publish Date: Fri, 28 Nov 2025 06:01 PM (IST)
Updated Date: Fri, 28 Nov 2025 06:02 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਜਿੱਥੇ ਭਾਜਪਾ, ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਵੱਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਕਮਰਕੱਸੇ ਕਸ ਲਏ ਹਨ। ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਗਸਰ ਜ਼ੈਲ ਦੇ ਪਿੰਡ ਲੱਖੇਵਾਲੀ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਮੀਂਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਨੌਜਵਾਨਾਂ ਨੂੰ ਚੋਣਾਂ ’ਚ ਮੋਹਰੀ ਹੋ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਤਣ ਵਾਲੇ ਯੋਗ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਤੋਂ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਸੀ ਤੇ ਮਿਹਨਤ ਕਰ ਕੇ ਵਿਧਾਇਕ ਬਣਿਆ। ਫਿਰ ਮੈਂਬਰ ਪਾਰਲੀਮੈਂਟ ਬਣਿਆ। ਯੂਥ ਕਾਂਗਰਸ ਦੇ ਆਲ ਇੰਡੀਆ ਪ੍ਰਧਾਨ ਬਣਿਆ ਤੇ ਹੁਣ ਕਾਂਗਰਸ ਦਾ ਪ੍ਰਧਾਨ ਹਾਂ ਇਹ ਮਿਹਨਤ ਦਾ ਕਰਕੇ ਹੀ ਸਾਰਾ ਕੁਝ ਸੰਭਵ ਹੁੰਦਾ ਹੈ। ਕਾਂਗਰਸ ਪਾਰਟੀ ਨੂੰ ਆਪਣੇ ਵਰਕਰਾਂ ਦੇ ਸਾਥ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਸਾਰੇ ਕਾਂਗਰਸੀ ਵਰਕਰ ਪਾਰਟੀ ਵੱਲੋਂ ਦਿੱਤੀ ਹੋਈ ਟਿਕਟ ਵਾਲੇ ਉਮੀਦਵਾਰ ਦੀ ਮਦਦ ਕਰਨਗੇ ਅਤੇ ਜਿਹੜਾ ਵੀ ਵਿਅਕਤੀ ਪਾਰਟੀ ਦੇ ਉਮੀਦਵਾਰ ਦੀ ਵਿਰੋਧਤਾ ਕਰੇਗਾ ਉਹ ਕਿਸੇ ਵੀ ਅਹੁਦੇ ’ਤੇ ਹੋਵੇ ਉਸਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਆਪਣੇ ਛੋਟੇ-ਮੋਟੇ ਗਿਲੇ ਸ਼ਿਕਵੇ ਛੱਡ ਕੇ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਕਰੋ। ਉਨ੍ਹਾਂ ਆਪਣੇ ਸੰਬਧਨ ’ਚ ਕਿਹਾ ਕਿ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ ਤੋਂ ਬਾਅਦ ਹੀ 2027 ’ਚ ਕਾਂਗਰਸ ਦੀ ਸਰਕਾਰ ਆਵੇਗੀ। ਇਸ ਮੌਕੇ ਸ਼ੁੱਭਦੀਪ ਸਿੰਘ ਬਿੱਟੂ ਕਾਂਗਰਸ ਜ਼ਿਲ੍ਹਾ ਪ੍ਰਧਾਨ, ਰੁਪਿੰਦਰ ਕੌਰ ਰੂਬੀ ਹਲਕਾ ਇੰਚਾਰਜ, ਜਗਤਪਾਲ ਸਿੰਘ ਬਰਾੜ ਦਿਹਾਤੀ ਪ੍ਰਧਾਨ,ਪਰਮਜੀਤ ਸਿੰਘ ਬਰਾੜ ਲੱਖੇਵਾਲੀ ਸੀਨੀਅਰ ਕਾਂਗਰਸੀ ਆਗੂ, ਜਸਕਰਨ ਸਿੰਘ ਬਰਾੜ ਸੀਨੀਅਰ ਕਾਂਗਰਸੀ ਆਗੂ ਲੱਖੇਵਾਲੀ, ਬਲਕਾਰ ਸਿੰਘ ਔਲਖ ਸਾਬਕਾ ਚੇਅਰਮੈਨ, ਮਾਸਟਰ ਜਸਪਾਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦੀਪ ਭਾਗਸਰ, ਰਣਬੀਰ ਸਿੰਘ ਜੁਗੀ, ਅਮਰਿੰਦਰ ਸਿੰਘ ਸੰਮੇਵਾਲੀ, ਰਮਨ ਲੱਖੇਵਾਲੀ, ਜਸ਼ਨਦੀਪ ਬਲਮਗੜ੍ਹ, ਗੁਰਸੇਵਕ ਸਿੰਘ ਗੰਧੜ, ਗੋਲਡੀ ਅਰੋੜਾ, ਰਾਜਵੀਰ ਮੈਂਬਰ ਰਾਮਗੜ੍ਹ, ਰਿੰਕੂ ਮੈਂਬਰ ਰਾਮਗੜ੍ਹ,ਰਮਨਦੀਪ ਸਿੰਘ ਬਰਾੜ ਤੇ ਹੈਪੀ ਬਾਂਸਲ ਤੋਂ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਮੌਜੂਦ ਸਨ।