ਬੱਚਿਆਂ ਨੇ ਕੱਪੜਾ ਬਣਾਉਣ ਦੀ ਵਿਧੀ ਬਾਰੇ ਦੱਸਿਆ
ਬੱਚਿਆਂ ਨੇ ਨਵ ਤਿ੍ਰੰਝਣ ਦਾ ਦੌਰਾ ਕਰਕੇ ਕੱਪੜਾ ਬਣਦਾ ਦੇਖਿਆ
Publish Date: Tue, 18 Nov 2025 04:10 PM (IST)
Updated Date: Tue, 18 Nov 2025 04:13 PM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਦਰਜਨਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਖੇਤੀ ਵਿਰਾਸਤ ਮਿਸ਼ਨ ਦੇ ਉੱਦਮ ਨਵ ਤ੍ਰਿੰਝਣ ਦਾ ਦੌਰਾ ਕਰਕੇ ਕਪਾਹ ਦੇ ਬੀਜ ਤੋਂ ਕੱਪੜੇ ਤੱਕ ਦੀ ਯਾਤਰਾ ਨੂੰ ਸਮਝਿਆ। ਦਿਨ ਭਰ ਚੱਲੀ ਇਸ ਵਰਕਸ਼ਾਪ ਵਿਚ ਨਵ ਤਿ੍ਰੰਝਣ ਦੀ ਮੁਖੀ ਰੂਪਸੀ ਗਰਗ ਨੇ ਬੱਚਿਆਂ ਅਤੇ ਮਾਪਿਆਂ ਨੂੰ ਵਿਸਥਾਰ ਵਿਚ ਇਸ ਯਾਤਰਾ ਬਾਰੇ ਸਮਝਾਇਆ। ਉਨ੍ਹਾਂ ਕਪਾਹ ਤੋਂ ਰੂੰਅ ਅਤੇ ਧਾਗਾ ਬਣਾਉਣ ਦੀ ਵਿਧੀ ਦਾ ਪ੍ਰਯੋਗ ਕਰਕੇ ਦਿਖਾਇਆ। ਦੂਜੇ ਭਾਗ ਵਿਚ ਬੱਚਿਆਂ ਨੂੰ ਹੱਥ ਖੱਡੀਆਂ ’ਤੇ ਕੱਪੜਾ ਬਣਨ ਦੀ ਪ੍ਰਕਿਰਿਆ ਦਿਖਾਈ ਗਈ। ਆਏ ਸਕੂਲ ਗਰੁੱਪ ਦੇ ਇਨ੍ਹਾਂ ਬੱਚਿਆਂ ਅਤੇ ਮਾਪਿਆਂ ਨੇ ਇਸ ਸਾਰੇ ਪ੍ਰਯੋਗ ਵਿਚ ਡੂੰਘੀ ਦਿਲਸਚਪੀ ਦਿਖਾਈ। ਮੁਖੀ ਰੂਪਸੀ ਗਰਗ ਨੇ ਦੱਸਿਆ ਕਿ ਨਵ ਤਿ੍ਰੰਝਣ ਵਿਚ ਨਿਰੋਲ ਜੈਵਿਕ ਕਪਾਹ ਤੋਂ ਉੱਤਮ ਦਰਜੇ ਦਾ ਕੱਪੜਾ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਿ੍ਰੰਝਣ ਵਿਚ ਆਸ ਪਾਸ ਦੇ ਪਿੰਡਾਂ ਦੀਆਂ ਬੁਣਕਰ ਬੀਬੀਆਂ ਵੱਲੋਂ ਸਿਰਫ ਕੱਪੜੇ ਦਾ ਉਤਪਾਦਨ ਨਹੀਂ ਕੀਤਾ ਜਾਂਦਾ ਸਗੋਂ ਸਿਰਜਣਾ ਕੀਤੀ ਜਾਂਦੀ ਹੈ। ਇਸ ਮੌਕੇ ਮਾਪਿਆਂ ਨੇ ਹੋਮ ਸਕੂਲਿੰਗ ਬਾਰੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਮਾਪਿਆਂ ਦਾ ਮੰਨਣਾ ਸੀ ਸਕੂਲ ਪ੍ਰਬੰਧ ਬੱਚਿਆਂ ਅਤੇ ਮਾਪਿਆਂ ਦੋਹਾਂ ਲਈ ਤਣਾਅ ਪੈਦਾ ਕਰਨ ਵਾਲਾ ਹੈ। ਇਸ ਬੱਚਿਆਂ ਅੰਦਰ ਸਿਰਫ ਨੰਬਰਾਂ ਦੀ ਦੌੜ ਪੈਦਾ ਕਰਕੇ ਰੱਟਾ ਲਗਵਾਉਂਦਾ ਹੈ। ਜਦੋਂ ਕਿ ਹੋਮ ਸਕੂਲਿੰਗ ਵਿਚ ਬੱਚੇ ਆਪਣੀ ਉਤਸੁਕਤਾ ਨਾਲ ਚੀਜਾਂ ਨੂੰ ਸਿੱਖਦੇ ਹਨ। ਇਸ ਗਰੁੱਪ ਦੀ ਮੁਖੀ ਨਵਨੀਤ ਕੌਰ ਨੇ ਦੱਸਿਆ ਕਿ ਹੋਮ ਸਕੂਲ ਦਾ ਮਤਲਬ ਸਿਰਫ਼ ਇਹ ਨਹੀਂ ਕਿ ਬੱਚਿਆਂ ਨੂੰ ਸਲੂਕਾਂ ਤੋਂ ਹਟਾ ਕੇ ਘਰ ਵਿਚ ਓਸੇ ਤਰ੍ਹਾਂ ਮਿਥੇ ਸਮੇਂ ਲਈ ਮਿਥਿਆ ਹੋਇਆ ਸਿਲੇਬਸ ਪੜ੍ਹਾਇਆ ਜਾਵੇ, ਸਗੋਂ ਇਸ ਪ੍ਰਯੋਗ ਵਿਚ ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਦੇ ਮੱਦੇਨਜ਼ਰ ਜਾਣਕਾਰੀ ਦੇ ਸਰੋਤ ਮੁਹੱਈਆ ਕਰਵਾ ਕੇ ਸਿਖਾਇਆ ਜਾਂਦਾ ਹੈ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਨੇ ਦੱਸਿਆ ਕਿ ਖੇਤੀ ਵਿਰਾਸਤ ਮਿਸ਼ਨ ਦਾ ਉੱਦਮ ਤ੍ਰਿੰਝਣ ਉੱਤਰ ਭਾਰਤ ਵਿਚ ਸਭ ਤੋਂ ਵਧੀਆ ਜੈਵਿਕ ਕੱਪੜਾ ਤਿਆਰ ਕਰ ਰਿਹਾ ਹੈ। ਇਸ ਮੌਕੇ ਉੱਘੇ ਰੇਡੀਓ ਐਂਕਰ, ਸੀਨੀਅਰ ਪੱਤਰਕਾਰ ਤੇ ਪ੍ਰਸਿੱਧ ਲੇਖਕ ਹਰਮੇਲ ਪਰੀਤ ਜੈਤੋ, ਅਭਿਸ਼ੇਕ, ਸੌਰਭ ਸੈਣੀ, ਸੀਨਾ ਮਹੇਸ਼ਵਰੀ, ਸਰਬਜੀਤ ਕੌਰ, ਸੰਜੀਵ ਕੁਮਾਰ, ਛਿੰਦਰਪਾਲ ਕੌਰ ਆਦਿ ਮੌਜੂਦ ਸਨ।