ਚੰਦਭਾਨ ਕਾਂਡ: ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਮੁੱਖ ਮੁਲਜ਼ਮ ਜੇਲ੍ਹ ਭੇਜੇ, 40 ਤੋਂ ਵੱਧ ਦਲਿਤ ਵਿਅਕਤੀਆਂ ਦੀ ਕੁੱਟਮਾਰ ਦਾ ਮਾਮਲਾ
ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਮੁਲਜ਼ਮਾਂ ਨੇ ਅਦਾਲਤ ਵਿਚ ਸਮਰਪਣ ਕਰ ਦਿੱਤਾ। ਡੀਐੱਸਪੀ ਇਕਬਾਲ ਸਿੰਘ ਨੇ ਸਮਰਪਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਤੇਜ਼ ਕਰ ਦਿੱਤੀ ਹੈ ਤੇ ਜਲਦੀ ਹੀ ਮੁਲਜ਼ਮਾਂ ਖ਼ਿਲਾਫ਼ ਚਾਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਜਾਵੇਗਾ।
Publish Date: Fri, 27 Mar 2026 09:07 AM (IST)
Updated Date: Fri, 27 Mar 2026 09:10 AM (IST)
ਸ਼ਿਵ ਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਫ਼ਰੀਦਕੋਟ : ਪਿਛਲੇ ਸਾਲ ਜ਼ਿਲ੍ਹੇ ਦੇ ਪਿੰਡ ਚੰਦਭਾਨ ਵਿਚ 40 ਤੋਂ ਵੱਧ ਦਲਿਤਾਂ ਦੀ ਕੁੱਟਮਾਰ ਦੇ ਦੋਸ਼ਾਂ ਵਿਚ ਘਿਰੇ ਪਿੰਡ ਦੇ ਦੋ ਵਿਅਕਤੀਆਂ ਨੂੰ ਇਲਾਕਾ ਮੈਜਿਸਟ੍ਰੇਟ ਸ਼ਿਵਿੰਦਰਪਾਲ ਸਿੰਘ ਨੇ 6 ਅਪ੍ਰੈਲ ਤੱਕ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁੱਖ ਮੁਲਜ਼ਮ ਗਮਦੂਰ ਸਿੰਘ ਤੇ ਹਰਵਿੰਦਰ ਸਿੰਘ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ। ਪੀੜਤ ਸਰਪੰਚ ਕੁਲਦੀਪ ਸਿੰਘ ਤੇ ਕਿਰਤੀ ਕਿਸਾਨ ਯੂਨੀਅਨ ਨੇ ਹਾਈ ਕੋਰਟ ਦੇ ਜ਼ਮਾਨਤ ਦੇਣ ਵਾਲੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਮੁਲਜ਼ਮਾਂ ਨੇ ਅਦਾਲਤ ਵਿਚ ਸਮਰਪਣ ਕਰ ਦਿੱਤਾ। ਡੀਐੱਸਪੀ ਇਕਬਾਲ ਸਿੰਘ ਨੇ ਸਮਰਪਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਤੇਜ਼ ਕਰ ਦਿੱਤੀ ਹੈ ਤੇ ਜਲਦੀ ਹੀ ਮੁਲਜ਼ਮਾਂ ਖ਼ਿਲਾਫ਼ ਚਾਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਜਾਵੇਗਾ।
ਇਸ ਮਾਮਲੇ ਬਾਰੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਲਛਮਣ ਸਿੰਘ ਸੇਵੇਵਾਲਾ, ਸਿਕੰਦਰ ਸਿੰਘ ਦਬੜ੍ਹੀਖਾਨਾ, ਮੰਗਾ ਸਿੰਘ ਆਜ਼ਾਦ, ਗੋਰਾ ਪਿੱਪਲੀ ਅਤੇ ਸੁਖਦਰਸ਼ਨ ਨੱਤ ਨੇ ਦੱਸਿਆ ਕਿ ਪਿੰਡ ਚੰਦਭਾਨ ਵਿਚ ਦਲਿਤ ਵਿਅਕਤੀ ਨੂੰ ਸਰਪੰਚ ਬਣਾਇਆ ਗਿਆ ਸੀ। ਜਦੋਂ ਇਹ ਸਰਪੰਚ ਪਾਣੀ ਦੀ ਨਿਕਾਸੀ ਲਈ ਪਿੰਡ ਵਿਚ ਗਲੀਆਂ ਬਣਵਾ ਰਿਹਾ ਸੀ ਤਾਂ ਪਿੰਡ ਦੇ ਕੁਝ ਵਿਅਕਤੀਆਂ ਨੇ ਅਜਿਹਾ ਕਰਨ ਤੋਂ ਰੋਕਿਆ। ਸੁਪਰੀਮ ਕੋਰਟ ਵਿਚ ਸ਼ਿਕਾਇਤਕਰਤਾ ਧਿਰ ਵੱਲੋਂ ਪੇਸ਼ ਕੀਤੀ ਗਈ ਵੀਡੀਓ ਮੁਤਾਬਕ ਪਿੰਡ ਦੇ ਗਮਦੂਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਪੁਲਿਸ ਦੀ ਮੌਜੂਦਗੀ ਵਿਚ ਦਲਿਤਾਂ ’ਤੇ ਗੋਲੀਆਂ ਚਲਾ ਰਹੇ ਹਨ ਜਿਸ ਮਗਰੋਂ ਜਸਟਿਸ ਸੰਜੈ ਕੁਮਾਰ ਤੇ ਜਸਟਿਸ ਕੇ. ਵਿਨੋਦ ਚੰਦਰਨ ਨੇ ਆਪਣੇ ਹੁਕਮ ਵਿਚ ਮੰਨਿਆ ਹੈ ਕਿ ਮੁੱਢਲੇ ਰੂਪ ਵਿੱਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਸਾਬਤ ਹੁੰਦੇ ਹਨ।