ਕਣਕ ਦੀ ਫਸਲ ’ਤੇ ਸੁੰਡੀ ਦਾ ਹਮਲਾ, ਚਿੰਤਾ ’ਚ ਪਏ ਕਿਸਾਨ
ਕਣਕ ਦੀ ਫਸਲ ’ਤੇ ਸੁੰਡੀ ਦਾ ਹਮਲਾ ਚਿੰਤਾ ’ਚ ਪਏ ਕਿਸਾਨ
Publish Date: Sat, 13 Dec 2025 05:12 PM (IST)
Updated Date: Sat, 13 Dec 2025 05:15 PM (IST)

ਵਰਿੰਦਰ ਬੱਬੂ, ਪੰਜਾਬੀ ਜਾਗਰਣ, ਮਲੋਟ/ਪੰਨੀਵਾਲਾ ਫੱਤਾ : ਕਿਸਾਨੀ ਹੁਣ ਲਾਹੇਵੰਦ ਧੰਦੇ ਦੀ ਥਾਂ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਹੱਡ ਭੰਨਵੀਂ ਮਿਹਨਤ ਕਰਦੇ ਕਿਸਾਨ ਆਪਣੀ ਫਸਲ ਬੀਜ਼ਦਾ ਹੈ ਤੇ ਫਿਰ ਇਸ ਨੂੰ ਪੁੱਤਾਂ ਵਾਂਗ ਪਾਲਦਾ ਹੈ ਪਰ ਕਦੇ ਕੁਦਰਤੀ ਆਫ਼ਤਾਂ ਤੇ ਕਦੇ ਹੋਰ ਬਿਮਾਰੀਆਂ ਸੁੰਡੀ ਆਦਿ ਦੇ ਹਮਲੇ ਕਰ ਕੇ ਹਮੇਸ਼ਾ ਹੀ ਫਸਲਾਂ ਦਾ ਨੁਕਸਾਨ ਹੁੰਦਾ ਆਇਆ ਹੈ। ਫਸਲਾਂ ਦੇ ਲਗਾਤਾਰ ਹੁੰਦੇ ਨੁਕਸਾਨ ਕਾਰਨ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਜਾਂਦੀਆਂ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕਣਕ ਦੀ ਫਸਲ ’ਤੇ ਸੁੰਡੀ ਦੇ ਹਮਲੇ ਦੀਆਂ ਚਰਚਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ’ਚ ਡਾਹਢੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਲੰਬੀ ਤੇ ਮਲੋਟ ਹਲਕੇ ਦੇ ਕਈ ਇਲਾਕਿਆਂ ’ਚ ਕਣਕ ਦੇ ਪੱਤੇ ਕੱਟੇ ਹੋਏ ਹਨ ਤੇ ਫਸਲ ਨੂੰ ਨੁਕਸਾਨ ਪਹੁੰਚਦਾ ਹੋਇਆ ਸਾਫ਼ ਤੌਰ ’ਤੇ ਦੇਖਿਆ ਗਿਆ ਹੈ। ਖੇਤੀਬਾੜੀ ਮਾਹਿਰਾਂ ਮੁਤਾਬਕ ਮੌਸਮ ’ਚ ਆਏ ਅਚਾਨਕ ਬਦਲਾਅ ’ਤੇ ਵਧੀ ਹੋਈ ਨਮੀ ਕਾਰਨ ਸੁੰਡੀ ਦੀ ਸੰਖਿਆ ’ਚ ਵਾਧਾ ਹੋਇਆ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ’ਤੇ ਕਾਬੂ ਨਾ ਪਾਇਆ ਗਿਆ ਤਾਂ ਕਣਕ ਦੀ ਪੈਦਾਵਾਰ ’ਤੇ ਗੰਭੀਰ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। - ਕਣਕ ਦੀ ਫਸਲ ਪੈ ਰਹੀ ਹੈ ਪੀਲੀ : ਕਿਸਾਨ ਰਾਜਦੀਪ ਸਿੰਘ ਰੱਤਾ ਟਿੱਬਾ ਖੇਤਰ ਦੇ ਕਿਸਾਨ ਰਾਜਦੀਪ ਸਿੰਘ ਖਹਿਰਾ ਨੇ ‘ਪੰਜਾਬੀ ਜਾਗਰਣ’ ਨੂੰ ਮੌਕੇ ’ਤੇ ਕਣਕ ਦੀ ਫਸਲ ਦਿਖਾਉਂਦਿਆਂ ਦੱਸਿਆ ਕਿ ਫਸਲ ਪੀਲੀ ਪੈ ਰਹੀ ਹੈ ਤੇ ਕਈ ਥਾਵਾਂ ’ਤੇ ਜੜ੍ਹਾਂ ਤਕ ਗਲਣ ਦੀ ਸਮੱਸਿਆ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦਾ ਹੱਲ ਨਹੀਂ ਹੁੰਦਾ ਤਾਂ ਕਣਕ ਦੇ ਝਾੜ ’ਤੇ ਬੁਰਾ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਾਹਿਰਾਂ ਦੁਆਰਾ ਇਸ ਸਮੱਸਿਆ ਦਾ ਜਾਇਜ਼ਾ ਲੈ ਕੇ ਜਲਦੀ ਹੱਲ ਕਰਨਾ ਚਾਹੀਦਾ ਹੈ ਤੇ ਇਸ ਸਮੱਸਿਆ ਦੇ ਖਾਤਮੇ ਲਈ ਲੁੜੀਂਦੀ ਦਵਾਈ ਸਪਰੇਅ ਆਦਿ ਮੁਹੱਈਆ ਕਰਵਾਈ ਜਾਵੇ। - ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਏ ਜਾਣਗੇ : ਗੁਰਬਾਜ਼ ਸਿੰਘ ਇਸ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਗੁਰਬਾਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੌਸਮੀ ਪ੍ਰਭਾਵ ਤੇ ਪਾਣੀ ਰੁਕਣ ਵਾਲੀਆਂ ਜ਼ਮੀਨਾਂ ’ਚ ਇਹ ਬਿਮਾਰੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਵਿਭਾਗ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾ ਕੇ ਲੁੜੀਂਦੀ ਜਾਣਕਾਰੀ ਦਿੱਤੀ ਜਾਵੇਗੀ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਖੇਤਾਂ ਦੀ ਨਿਯਮਿਤ ਜਾਂਚ ਕਰਦੇ ਰਹਿਣ ਤੇ ਸੁੰਡੀ ਦੀ ਮੌਜੂਦਗੀ ਨਜ਼ਰ ਆਉਣ ’ਤੇ ਤੁਰੰਤ ਸਿਫ਼ਾਰਸ਼ੀ ਦਵਾਈ ਦਾ ਛਿੜਕਾਅ ਕਰਨ ਨਾਲ ਹੀ ਬੇਲੋੜੀ ਤੇ ਗਲਤ ਦਵਾਈ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਓਧਰ ਕਿਸਾਨਾਂ ਨੇ ਸਰਕਾਰ ਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਤਕਨੀਕੀ ਮਦਦ, ਮਾਹਿਰਾਂ ਦੀ ਸਲਾਹ ਤੇ ਦਵਾਈਆਂ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਈ ਜਾਵੇ ਤਾਂ ਜੋ ਕਣਕ ਦੀ ਫਸਲ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।