ਪਾਰਟੀ ਆਗੂਆਂ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਖਾਲਸਾ ’ਤੇ ਲਗਾਏ ਐੱਨਐੱਸਏ ਦੇ ਵਿਰੋਧ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 10 ਫਰਵਰੀ ਨੂੰ ਰੋਸ ਮਾਰਚ ਕੀਤਾ ਜਾਵੇਗਾ। ਇਹ ਰੋਸ ਮਾਰਚ ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਦਿਆਂ ਸਰਕਾਰ ਨੂੰ ਸਖ਼ਤ ਸੁਨੇਹਾ ਦੇਵੇਗਾ।

ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਹਿਲੇ ਸਥਾਪਨਾ ਦਿਵਸ ਤੇ ਪਾਰਟੀ ਦੇ ਆਗਾਜ਼ ਸਮੇਂ ਐਲਾਨੇ ਗਏ ਸ੍ਰੀ ਮੁਕਤਸਰ ਸਾਹਿਬ ਐਲਾਨਨਾਮੇ ਦੇ ਅਧਾਰ ’ਤੇ ਪੰਥਕ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਚਾਲੀ ਮੁਕਤਿਆਂ ਦੀ ਅਮਰ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਆਗੂਆਂ ਨੇ ਕਿਹਾ ਕਿ ਟੁੱਟੀ ਗੰਢੀ ਦਿਵਸ ਸਿਰਫ਼ ਇਤਿਹਾਸਕ ਦਿਹਾੜਾ ਨਹੀਂ, ਸਗੋਂ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹਨ ਤੇ ਗੁਰੂ ਦੇ ਸਿੱਖ ਵਜੋਂ ਆਪਣੇ ਫ਼ਰਜ਼ ਨੂੰ ਯਾਦ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਨੂੰ ਨਵੇਂ ਰੂਪਾਂ ’ਚ ਥੋਪੀ ਜਾ ਰਹੀ ਗ਼ੁਲਾਮੀ, ਜ਼ਬਰ, ਬੇਇਨਸਾਫ਼ੀ ਤੇ ਸਿਆਸੀ ਧੋਖੇਬਾਜ਼ੀ ਤੋਂ ਮੁਕਤੀ ਦਿਵਾਉਣ ਲਈ ਚਾਲੀ ਮੁਕਤਿਆਂ ਦੀ ਸੋਚ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਪੰਜਾਬ ਦੇ ਨੌਜਵਾਨਾਂ ’ਤੇ ਹੋ ਰਹੇ ਜ਼ੁਲਮ, ਝੂਠੇ ਕੇਸਾਂ, ਗੈਰ-ਕਾਨੂੰਨੀ ਨਜ਼ਰਬੰਦੀਆਂ ਤੇ ਪੰਥਕ ਆਵਾਜ਼ਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੱਚ ਦੀ ਆਵਾਜ਼ ਨੂੰ ਨਾਂ ਤਾਂ ਧੱਕੇਸ਼ਾਹੀ ਨਾਲ ਤੇ ਨਾ ਹੀ ਜੇਲ੍ਹਾਂ ਨਾਲ ਦਬਾਇਆ ਜਾ ਸਕਦਾ ਹੈ। ਪੰਥਕ ਕਾਨਫਰੰਸ ’ਚ ਹੋਏ ਇਕੱਠ ਨੇ ਸਾਂਝੇ ਰੂਪ ’ਚ ਐਲਾਨ ਕੀਤਾ ਕਿ 25 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ’ਚ ਬੰਦੀ ਛੋੜ ਖ਼ਾਲਸਾ ਵਹੀਰ ਕੱਢੀ ਜਾਵੇਗੀ। ਇਹ ਵਹੀਰ ਗੁਰਮਤਿ ਸਿਧਾਂਤਾਂ, ਪੰਥਕ ਏਕਤਾ ਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੱਢੀ ਜਾਵੇਗੀ।
ਪਾਰਟੀ ਆਗੂਆਂ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਖਾਲਸਾ ’ਤੇ ਲਗਾਏ ਐੱਨਐੱਸਏ ਦੇ ਵਿਰੋਧ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 10 ਫਰਵਰੀ ਨੂੰ ਰੋਸ ਮਾਰਚ ਕੀਤਾ ਜਾਵੇਗਾ। ਇਹ ਰੋਸ ਮਾਰਚ ਚੰਡੀਗੜ੍ਹ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਦਿਆਂ ਸਰਕਾਰ ਨੂੰ ਸਖ਼ਤ ਸੁਨੇਹਾ ਦੇਵੇਗਾ। ਪਾਰਟੀ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਸਿੱਖ ਕੈਦੀਆਂ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਪਾਰਟੀ ਨੇ ਐਲਾਨ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਰੇ ਧਰਮਾਂ ਤੇ ਵਰਗਾਂ ਦੇ ਸਹਿਯੋਗ ਨਾਲ ਪੰਜਾਬ ਦੀਆਂ 117 ਦੀਆਂ 117 ਸੀਟਾਂ ’ਤੇ ਚੋਣ ਲੜੇਗਾ।
ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ’ਤੇ ਕੀਤਾ ਗਿਆ ਇਹ ਪੰਥਕ ਇਕੱਠ ਪੰਜਾਬ ਤੇ ਪੰਥ ਦੀ ਮੁਕਤੀ ਲਈ ਸ਼ੁਰੂ ਹੋਈ ਨਵੀਂ ਲਹਿਰ ਦੀ ਮਜ਼ਬੂਤ ਬੁਨਿਆਦ ਹੈ। ਇਸ ਕਾਨਫਰੰਸ ’ਚ ਭਾਈ ਸਰਬਜੀਤ ਸਿੰਘ ਖ਼ਾਲਸਾ ਤੋਂ ਇਲਾਵਾ ਮਾਤਾ ਬਲਵਿੰਦਰ ਕੌਰ, ਭਾਈ ਅਮਰਜੀਤ ਸਿੰਘ, ਭਾਈ ਹਰਭਜਨ ਸਿੰਘ ਤੁੜ, ਭਾਈ ਸੁਰਜੀਤ ਸਿੰਘ ਦੌਲਤਪੁਰ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਗੁਰਲਾਲ ਸਿੰਘ ਪੰਨੂ, ਬੀਬੀ ਸੰਦੀਪ ਕੌਰ, ਭਾਈ ਜਸਵਿੰਦਰ ਸਿੰਘ ਬਾਦਲ, ਹਰਪਾਲ ਸਿੰਘ ਖਾਰਾ, ਭਾਈ ਇਮਾਨ ਸਿੰਘ ਖਾਰਾ ਲੱਖਾ ਸਿੰਘ ਸਿਧਾਣਾ, ਭਾਨਾ ਸਿੱਧੂ, ਨਵਜੋਤ ਕੌਰ ਲੰਬੀ ਤੋਂ ਇਲਾਵਾ ਸੈਂਕੜੇ ਆਗੂ ਤੇ ਵਰਕਰ ਹਾਜ਼ਰ ਸਨ।