ਲੋਕਤੰਤਰ ਦੀ ਮਜ਼ਬੂਤੀ ਸੁਚੇਤ ਤੇ ਜ਼ਿੰਮੇਵਾਰ ਵੋਟਰਾਂ ‘ਤੇ ਨਿਰਭਰ ਕਰਦੀ : ਏਡੀਸੀ ਢਿੱਲੋਂ
ਰਾਸ਼ਟਰੀ ਵੋਟਰ ਦਿਵਸ ਮੌਕੇ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
Publish Date: Sun, 25 Jan 2026 06:25 PM (IST)
Updated Date: Sun, 25 Jan 2026 06:28 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ 16ਵਾਂ ਰਾਸ਼ਟਰੀ ਵੋਟਰ ਦਿਵਸ ਪੂਰੇ ਉਤਸ਼ਾਹ ਤੇ ਲੋਕਤੰਤਰਕ ਚੇਤਨਾ ਨਾਲ ਬਾਵਾ ਨਿਹਾਲ ਸਿੰਘ ਕਾਲਜ ਆਫ਼ ਐਜੂਕੇਸ਼ਨ ਵਿਖੇ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਰੋਹ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਢਿੱਲੋਂ ਤੇ ਉਪ-ਮੰਡਲ ਮੈਜਿਸਟਰੇਟ ਬਲਜੀਤ ਕੌਰ ਵੱਲੋਂ ਕੀਤੀ ਗਈ। ਸਮਾਗਮ ਦਾ ਮੁੱਖ ਉਦੇਸ਼ ਨਾਗਰਿਕਾਂ ’ਚ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਤੇ ਨੌਜਵਾਨਾਂ ਨੂੰ ਲੋਕਤੰਤਰਕ ਪ੍ਰਕਿਰਿਆ ਸਰਗਰਮੀ ਨਾਲ ਜੋੜਣਾ ਸੀ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ, ਵਿਦਿਆਕ ਸੰਸਥਾਵਾਂ, ਐਨਜੀਓਜ਼ ਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਭਰਪੂਰ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵੋਟਰ ਜਾਗਰੂਕਤਾ ਸਬੰਧੀ ਭਾਸ਼ਣ, ਸਹੁੰ ਸਮਾਗਮ ਤੇ ਜਾਣਕਾਰੀ ਭਰਪੂਰ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਨਵੇਂ ਵੋਟਰਾਂ ਨੂੰ ਵੋਟਰ ਆਈਡੀ ਕਾਰਡ ਸੌਂਪ ਕੇ ਉਨ੍ਹਾਂ ਨੂੰ ਲੋਕਤੰਤਰ ਦੇ ਮਜ਼ਬੂਤ ਸਤੰਭ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਢਿੱਲੋਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਸੁਚੇਤ ਤੇ ਜ਼ਿੰਮੇਵਾਰ ਵੋਟਰਾਂ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵੋਟ ਕੀਮਤੀ ਹੈ ਤੇ ਨਿਰਪੱਖ, ਡਰ-ਰਹਿਤ ਤੇ ਲੋਭ-ਰਹਿਤ ਮਤਦਾਨ ਹੀ ਸਿਹਤਮੰਦ ਲੋਕਤੰਤਰ ਦੀ ਪਹਿਚਾਣ ਹੈ। ਇਸ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਬਲਜੀਤ ਕੌਰ ਨੇ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਮ ਵੋਟਰ ਸੂਚੀ ’ਚ ਦਰਜ ਕਰਵਾ ਕੇ ਚੋਣ ਪ੍ਰਕਿਰਿਆ ’ਚ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਨੌਜਵਾਨਾਂ ਦੀ ਭੂਮਿਕਾ ਨਿਰਣਾਇਕ ਹੁੰਦੀ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਲਜੀਤ ਕੌਰ ਨੂੰ ਜ਼ਿਲ੍ਹੇ ’ਚੋਂ ਉੱਤਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦਾ ਐਵਾਰਡ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਵਾਰਡਾਂ ’ਚੋਂ ਉੱਤਮ ਬੀਐੱਲਓ ਤੇ ਮਤਦਾਨ ਸਬੰਧੀ ਕਰਵਾਏ ਗਏ ਮੁਕਾਬਲਿਆਂ ’ਚੋਂ ਜੇਤੂ ਸਕੂਲੀ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੋਸਟਰਾਂ, ਨਾਅਰਿਆਂ ਤੇ ਰਚਨਾਤਮਕ ਪ੍ਰਸਤੁਤੀਆਂ ਰਾਹੀਂ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ। ਅੰਤ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਆਪਣੀ ਲੋਕਤੰਤਰਕ ਜ਼ਿੰਮੇਵਾਰੀ ਨਿਭਾਉਣ। ਇਸ ਮੌਕੇ ਹਰਬੰਸ ਸਿੰਘ ਤਹਿਸੀਲਦਾਰ ਚੋਣਾਂ, ਸੌਰਵ ਜੈਨ ਚੋਣ ਕਾਨੂੰਗੋ, ਵੀਭੂ ਜੈਨ ਚੋਣ ਕਾਨੂੰਗੋ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਅਧਿਆਪਕ ਤੇ ਸਕਲਾਂ ਦੇ ਵਿਦਿਆਰਥੀ ਹਾਜ਼ਰ ਸਨ।