ਮੋਗਾ ਵਿਖੇ ਮਨਾਇਆ ਹਥਿਆਰਬੰਦ ਸੈਨਾ ਝੰਡਾ ਦਿਵਸ
ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਮੋਗਾ ਵਿਚ
Publish Date: Fri, 05 Dec 2025 03:54 PM (IST)
Updated Date: Sat, 06 Dec 2025 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਮੋਗਾ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਡੀਸੀ ਦਫ਼ਤਰ ਵਿਖੇ ਮਨਾਇਆ ਗਿਆ। ਇਸ ਸਮੇਂ ਜ਼ਿਲ੍ਹਾ ਸੈਨਿਕ ਬੋਰਡ ਮੋਗਾ ਤਰਫ਼ੋਂ ਰਿਟ. ਲੈਫਟੀਨੈਂਟ ਕਰਨਲ ਡਾ. ਸੁਖਮੀਤ ਮਿਨਹਾਂਸ ਵੱਲੋਂ ਡੀਸੀ ਸਾਗਰ ਸੇਤੀਆ ਦੇ ਸੀਨੇ ਤੇ ਝੰਡਾ ਲਗਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਉਨ੍ਹਾਂ ਵੱਲੋਂ ਲਗਪਗ 11 ਨਾਨ ਪੈਨਸ਼ਨਰ/ਸਾਬਕਾ ਸੈਨਿਕ ਅਤੇ ਵਿਧਵਾਵਾਂ ਨੂੰ 2,20,000 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਡੀਸੀ ਸਾਗਰ ਸੇਤੀਆ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਦੇਸ਼ ਦੇ ਉਨ੍ਹਾਂ ਅਮਰ ਸ਼ਹੀਦਾਂ ਦੀ ਯਾਦ ਸਾਡੇ ਸਭਨਾਂ ਦੇ ਮਨਾਂ ਵਿਚ ਤਾਜ਼ਾ ਕਰਦਾ ਹੈ, ਜਿੰਨ੍ਹਾਂ ਨੇ ਆਪਣਾ ਅੱਜ ਸਾਡੇ ਸਭਨਾਂ ਦੇ ਕੱਲ੍ਹ ਵਾਸਤੇ ਕੁਰਬਾਨ ਕੀਤਾ। ਇਸ ਦਿਨ ਸੁਰੱਖਿਆ ਸੈਨਾਵਾਂ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਜਿਸ ਨਾਲ ਦੇਸ਼ ਲਈ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਸਹਾਰਾ ਮਿਲਦਾ ਹੈ ਅਤੇ ਸੇਵਾ ਕਰ ਰਹੇ ਸੈਨਿਕਾਂ ਦੇ ਹੌਂਸਲੇ ਬੁਲੰਦ ਰੱਖਣ ਲਈ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਜਾਂਦਾ ਹੈ ਕਿ ਦੇਸ਼ ਦੀ ਜਨਤਾ ਹਰ ਮਾੜੇ ਅਤੇ ਚੰਗੇ ਸਮੇਂ ਵਿਚ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਦੁਸ਼ਮਣ ਵੱਲੋਂ ਥੋਪੀਆਂ ਲੜਾਈਆਂ ਅਤੇ ਅੱਤਵਾਦ ਖਿਲਾਫ਼ ਸੈਨਿਕਾਂ ਨੇ ਕਾਫ਼ੀ ਸ਼ਹਾਦਤਾਂ ਪਾਈਆਂ ਹਨ, ਜੋ ਕਿ ਨਾ ਭੁੱਲਣ ਯੋਗ ਹਨ। ਕਈ ਸੈਨਿਕ ਸ਼ਹੀਦ ਹੋ ਗਏ ਅਤੇ ਕਈ ਸਦਾ ਲਈ ਨਕਾਰਾ ਹੋ ਗਏ। ਉਨ੍ਹਾ ਕਿਹਾ ਕਿ ਅਜਿਹੇ ਸੈਨਿਕਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਰਕਾਰ ਅਤੇ ਸਮਾਜ ਦੀ ਮੁੱਢਲੀ ਜਿੰਮੇਵਾਰੀ ਬਣ ਜਾਂਦੀ ਹੈ। ਬੇਸ਼ੱਕ ਸਰਕਾਰ ਅਜਿਹੇ ਪਰਿਵਾਰਾਂ ਦੀ ਬੜੀ ਹਮਦਰਦੀ ਨਾਲ ਸਮੇਂ-ਸਮੇਂ ਤੇ ਕਈ ਪ੍ਰਕਾਰ ਦੀ ਮਦਦ ਕਰਦੀ ਹੈ, ਪ੍ਰੰਤੂ ਹਥਿਆਰਬੰਦ ਸੈਨਾ ਝੰਡਾ ਦਿਵਸ ਭਾਰਤ ਦੇਸ਼ ਅਤੇ ਇਸ ਸੂਬੇ ਦੇ ਹਰ ਨਾਗਰਿਕ ਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਅਤੇ ਹਮਦਰਦੀ ਪ੍ਰਗਟ ਕਰਨ ਲਈ ਇਕ ਸੁਨਿਹਰੀ ਮੌਕਾ ਪ੍ਰਦਾਨ ਕਰਦਾ ਹੈ। ਦਾਨ ਵਜੋਂ ਇੱਕਠਾ ਕੀਤਾ ਗਿਆ ਪੈਸਾ ਰਾਜ ਸਰਕਾਰ ਦੇ ਆਰਮਡ ਫੋਰਸਜ਼ ਫਲੈਗ ਡੇਅ ਫੰਡ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ ਜੋ ਕਿ ਦੇਸ਼ ਲਈ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਨਕਾਰਾ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਸੈਨਿਕਾਂ ਲਈ ਭਲਾਈ ਸਕੀਮਾਂ ਲਈ ਵਰਤਿਆ ਜਾਂਦਾ ਹੈ।