ਮੁਕਤਸਰ ਬਾਈਪਾਸ ’ਤੇ ਡਾ. ਕੇਹਰ ਸਿੰਘ ਚੌਕ ’ਚ ਬਿਜਲੀ ਦਾ ਖੰਬਾ ਛੋਟੇ ਹਾਥੀ ’ਤੇ ਡਿੱਗਿਆ
ਮੁਕਤਸਰ ਬਾਈਪਾਸ ’ਤੇ ਡਾ. ਕੇਹਰ ਸਿੰਘ ਚੌਂਕ ’ਚ ਬਿਜਲੀ ਦਾ ਖੰਬਾ ਛੋਟੇ ਹਾਥੀ ’ਤੇ ਡਿੱਗਿਆ
Publish Date: Sun, 04 Jan 2026 06:10 PM (IST)
Updated Date: Sun, 04 Jan 2026 06:11 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਬਾਈਪਾਸ ’ਤੇ ਡਾ. ਕੇਹਰ ਸਿੰਘ ਚੌਂਕ ’ਚ ਪਿਛਲੇ ਕਈ ਮਹੀਨਿਆਂ ਤੋਂ ਟੇਢਾ ਹੋਇਆ ਖੰਬਾ ਅਖਿਰਕਾਰ ਐਤਵਾਰ ਨੂੰ ਸੜਕ ਤੋਂ ਲੰਘਦੇ ਇਕ ਛੋਟੇ ਹਾਥੀ ’ਤੇ ਡਿੱਗ ਗਿਆ। ਖੰਬਾ ਡਿੱਗਣ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਹ ਖੰਬਾ ਕਿਸੇ ਮੋਟਰਸਾਇਕਲ ਚਾਲਕ ਜਾਂ ਹੋਰ ਵਿਅਕਤੀ ਉਪਰ ਡਿੱਗ ਜਾਂਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਨੇੜੇ ਲੋਕਾਂ ਨੇ ਦੱਸਿਆ ਕਿ ਇਹ ਖੰਬਾ ਪਿਛਲੇ ਕੁਝ ਮਹੀਨਿਆਂ ਤੋਂ ਟੇਢਾ ਹੋਇਆ ਪਿਆ ਹੈ ਜਿਸ ਬਾਰੇ ਸਬੰਧਿਤ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ। ਉਨ੍ਹਾਂ ਦੱਸਿਆ ਕਿ ਅੱਜ ਭਾਵੇਂ ਮੌਕੇ ’ਤੇ ਕਿਸੇ ਹੋਰ ਨੁਕਸਾਨ ਦੇ ਡਰੋਂ ਟ੍ਰੈਫਿਕ ਪੁਲਿਸ ਨੇ ਆਵਾਜਾਈ ਨੂੰ ਇਕਦਮ ਰੋਕ ਦਿੱਤਾ ਤੇ ਖੰਬੇ ਨੂੰ ਪਾਸੇ ਕਰਨ ਦੇ ਯਤਨ ਕਰਨ ’ਚ ਲੱਗ ਗਏ ਪਰ ਬਿਜਲੀ ਵਿਭਾਗ ਦਾ ਕੋਈ ਕਰਮਚਾਰੀ ਕਰੀਬ ਅੱਧੇ ਘੰਟੇ ਤੱਕ ਉੱਥੇ ਨਹੀਂ ਸੀ ਪੁੱਜਾ। ਲੋਕਾਂ ਨੇ ਬਿਜਲੀ ਵਿਭਾਗ ਦੀ ਅਜਿਹੀ ਲਾਪਰਵਾਹੀ ਤੇ ਰੋਸ ਜਿਤਾਉਂਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਜਿੱਥੇ ਵੀ ਖੰਬੇ ਅਜਿਹੀ ਹਾਲਤ ’ਚ ਹਨ ਉਹ ਬਦਲੇ ਜਾਣ ਤਾਂ ਜੋ ਕਈ ਵੀ ਨੁਕਾਸਨ ਨਾ ਹੋਵੇ। ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆਂ ’ਚ ਬਿਜਲੀ ਦੇ ਖੰਬੇ ਇੱਕ ਪਾਸੇ ਝੁਕੇ ਹੋਏ ਹਨ, ਕੁਝ ਥਾਵਾਂ ਤੇ ਟੁੱਟੇ ਹੋਏ ਹਨ, ਜਾਂ ਗਲੀਆਂ ਦੇ ਵਿਚਕਾਰ ਵੀ ਫੈਲੇ ਹੋਏ ਹਨ। ਇਨ੍ਹਾਂ ਖੰਬਿਆਂ ਤੋਂ ਭਾਰੀ ਬਿਜਲੀ ਦੀਆਂ ਤਾਰਾਂ ਲਟਕਦੀਆਂ ਹਨ। ਇਨ੍ਹਾਂ ਤਾਰਾਂ ਕਾਰਨ ਕਈ ਬਿਜਲੀ ਦੇ ਖੰਬੇ ਇੱਕ ਪਾਸੇ ਝੁਕੇ ਹੋਏ ਹਨ, ਜਿਸ ਕਾਰਨ ਹਾਦਸੇ ਵਾਪਰ ਸਕਦੇ ਹਨ। ਇਸਤੋਂ ਇਲਾਵਾ ਗੋਨਿਆਣਾ ਰੋਡ ਤੇ ਇੱਕ ਖੰਬਾ ਕਾਫ਼ੀ ਸਮੇਂ ਤੋਂ ਟੁੱਟਿਆ ਹੋਇਆ ਹੈ, ਪਰ ਇਸਨੂੰ ਬਦਲਿਆ ਨਹੀਂ ਗਿਆ ਹੈ। ਇਸਤੋਂ ਇਲਾਵਾ ਗੋਨਿਆਣਾ ਰੋਡ ਦੀ ਗਲੀ ਨੰਬਰ ਸੱਤ ’ਚ ਇੱਕ ਬਿਜਲੀ ਦਾ ਖੰਬਾ ਅਜੇ ਵੀ ਗਲੀ ਦੇ ਵਿਚਕਾਰ ਹੈ। ਸਥਾਨਕ ਰਾਮਬਾੜਾ ਗੇਟ ਦੇ ਕੋਲ ਬਾਜ਼ਾਰ ’ਚ, ਗਾਂਧੀ ਚੌਕ ਅਤੇ ਹੋਰ ਥਾਵਾਂ ਦੇ ਨੇੜੇ, ਤਾਰਾਂ ਇੰਨੀਆਂ ਉਲਝੀਆਂ ਹੋਈਆਂ ਹਨ ਕਿ ਇਹ ਦੱਸਣਾ ਮੁਸ਼ਕਲ ਹੈ ਕਿ ਇਹ ਬਿਜਲੀ ਦੀਆਂ ਤਾਰਾਂ, ਇੰਟਰਨੈੱਟ ਕੇਬਲਾਂ, ਜਾਂ ਕੋਈ ਹੋਰ ਕੇਬਲ ਹਨ। ਆਂਢ-ਗੁਆਂਢ ਦੇ ਘਰਾਂ ਦੇ ਬਾਹਰ ਮੀਟਰ ਬਕਸੇ ਵੀ ਇਸੇ ਤਰ੍ਹਾਂ ਉਲਝੇ ਹੋਏ ਹਨ, ਤਾਰਾਂ ਜ਼ਮੀਨ ਨਾਲ ਲਟਕਦੀਆਂ ਹਨ। ਤਾਰਾਂ ਇੰਨੀਆਂ ਨੀਵੀਆਂ ਹਨ ਕਿ ਆਂਢ-ਗੁਆਂਢ ਦੇ ਬੱਚਿਆਂ ਨੂੰ ਉਨ੍ਹਾਂ ਤੱਕ ਪਹੁੰਚਣ ਤੇ ਦੁਰਘਟਨਾਵਾਂ ਦਾ ਖ਼ਤਰਾ ਹੁੰਦਾ ਹੈ।