'ਆਪ' ਵਿਧਾਇਕ ਡਿੰਪੀ ਢਿੱਲੋਂ ਨੂੰ ਵੱਡਾ ਝਟਕਾ: 36 ਸਾਲ ਪੁਰਾਣੇ ਮੁਆਵਜ਼ਾ ਮਾਮਲੇ 'ਚ ਬੱਸਾਂ ਕੁਰਕ ਕਰਨ ਦੇ ਹੁਕਮ
ਇਸ ਤੱਥ ਨੂੰ ਗੰਭੀਰਤਾ ਨਾਲ ਲੈਂਦਿਆਂ ਵਧੀਕ ਜ਼ਿਲ੍ਹਾ ਜੱਜ ਨੇ ਸਿਟੀ ਪੁਲਿਸ ਫਰੀਦਕੋਟ ਦੇ ਐੱਸਐੱਚਓ ਨੂੰ ਆਦੇਸ਼ ਦਿੱਤੇ ਹਨ ਕਿ ਨਿਊ ਦੀਪ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਜਦੋਂ ਵੀ ਫਰੀਦਕੋਟ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੀਆਂ ਹਨ ਤਾਂ ਇਹਨਾਂ ਬੱਸਾਂ ਨੂੰ ਰੋਕ ਕੇ ਅਦਾਲਤ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਬੱਸਾਂ ਦੀ ਨਿਲਾਮੀ ਕਰਕੇ ਵਾਰਸਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕੇ।
Publish Date: Fri, 13 Mar 2026 09:06 AM (IST)
Updated Date: Fri, 13 Mar 2026 09:10 AM (IST)

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਫ਼ਰੀਦਕੋਟ ਦੇ ਵਧੀਕ ਜ਼ਿਲ੍ਹਾ ਜੱਜ ਕਿ੍ਰਸ਼ਨ ਕਾਂਤ ਜੈਨ ਨੇ ਆਪਣੇ ਇੱਕ ਹੁਕਮ ਵਿੱਚ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਨਿਊ ਦੀਪ ਟਰਾਂਸਪੋਰਟ ਕੰਪਨੀ ਦੀਆਂ ਦੋ ਬੱਸਾਂ ਨੂੰ ਤੁਰੰਤ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਸੂਚਨਾ ਅਨੁਸਾਰ ਵਿਧਾਇਕ ਦੀ ਟਰਾਂਸਪੋਰਟ ਕੰਪਨੀ ਦੀ ਬੱਸ ਥੱਲੇ ਆ ਕੇ 1989 ਵਿੱਚ ਮੁਖਤਿਆਰ ਚੰਦ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 1992 ਵਿੱਚ ਅਦਾਲਤ ਨੇ ਟਰਾਂਸਪੋਰਟ ਕੰਪਨੀ ਦੇ ਮਾਲਕ ਨੂੰ ਆਦੇਸ਼ ਦਿੱਤਾ ਸੀ ਕਿ ਮ੍ਰਿਤਕ ਦੇ ਵਾਰਸਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਮ੍ਰਿਤਕ ਦੇ ਵਾਰਸਾਂ ਦਾ 3 ਲੱਖ 31 ਹਜ਼ਾਰ 500 ਰੁਪਏ ਨਿਊ ਦੀਪ ਟਰਾਂਸਪੋਰਟ ਕੰਪਨੀ ਵੱਲ ਮੁਆਵਜ਼ੇ ਦੀ ਰਕਮ ਵਜੋਂ ਬਕਾਇਆ ਹੈ ਅਤੇ 36 ਸਾਲਾਂ ਬਾਅਦ ਵੀ ਇਹ ਰਕਮ ਅਦਾ ਨਹੀਂ ਕੀਤੀ ਗਈ। ਇਸ ਤੱਥ ਨੂੰ ਗੰਭੀਰਤਾ ਨਾਲ ਲੈਂਦਿਆਂ ਵਧੀਕ ਜ਼ਿਲ੍ਹਾ ਜੱਜ ਨੇ ਸਿਟੀ ਪੁਲਿਸ ਫਰੀਦਕੋਟ ਦੇ ਐੱਸਐੱਚਓ ਨੂੰ ਆਦੇਸ਼ ਦਿੱਤੇ ਹਨ ਕਿ ਨਿਊ ਦੀਪ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਜਦੋਂ ਵੀ ਫਰੀਦਕੋਟ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੀਆਂ ਹਨ ਤਾਂ ਇਹਨਾਂ ਬੱਸਾਂ ਨੂੰ ਰੋਕ ਕੇ ਅਦਾਲਤ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਬੱਸਾਂ ਦੀ ਨਿਲਾਮੀ ਕਰਕੇ ਵਾਰਸਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕੇ। ਅਦਾਲਤ ਨੇ ਐੱਸਐੱਚਓ. ਨੂੰ ਹੁਕਮ ਦਿੱਤਾ ਹੈ ਕਿ ਇਹਨਾਂ ਹੁਕਮਾਂ ਦੀ ਤਾਮੀਲ 25 ਮਾਰਚ ਤੱਕ ਯਕੀਨੀ ਬਣਾਈ ਜਾਵੇ। ਅਦਾਲਤ ਨੇ ਐੱਸਐੱਚਓ. ਨੂੰ ਆਦੇਸ਼ ਦਿੱਤਾ ਹੈ ਕਿ ਨਿਊ ਦੀਪ ਟਰਾਂਸਪੋਰਟ ਕੰਪਨੀ ਦੀ ਹਰ ਉਸ ਬੱਸ ਦੇ ਦਸਤਾਵੇਜ਼ ਚੈੱਕ ਕੀਤੇ ਜਾਣ ਜੋ ਫਰੀਦਕੋਟ ਜ਼ਿਲ੍ਹੇ ਅੰਦਰ ਦਾਖਲ ਹੁੰਦੀ ਹੈ।