ਇਨਸਾਨ ਨੂੰ ਆਪਣਾ ਵਿਵਹਾਰ ਦਇਆ ਪੂਰਨ ਰੱਖਣਾ ਚਾਹੀਦਾ : ਸਾਧਵੀ ਸੁਨੀਤਾ ਭਾਰਤੀ
ਇਨਸਾਨ ਨੂੰ ਆਪਣਾ ਵਿਵਹਾਰ ਦਇਆ ਪੂਰਨ ਰੱਖਣਾ ਚਾਹੀਦਾ : ਸਾਧਵੀ ਸੁਨੀਤਾ ਭਾਰਤੀ
Publish Date: Mon, 19 Jan 2026 04:21 PM (IST)
Updated Date: Mon, 19 Jan 2026 04:24 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਨੇੜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਆਸ਼ਰਮ ਵਿਖੇ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ’ਚ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਸੁਨੀਤਾ ਭਾਰਤੀ ਨੇ ਵਿਆਖਿਆ ਕਰਦੇ ਹੋਏ ਮਾਘ ਦੇ ਮਹੀਨੇ ਦੀ ਮਹਾਨਤਾ ਨੂੰ ਬਿਆਨ ਕੀਤਾ, ਜਿਸ ’ਚ ਸਾਡੇ ਗੁਰੂ ਸਾਹਿਬਾਨਾਂ ਨੇ ਮਾਘ ਦੇ ਮਹੀਨੇ ਦੀ ਮਹਾਨਤਾ ਗਾਉਂਦੇ ਹੋਏ ਕਿਹਾ ਕਿ ਮਾਘ ਦੇ ਮਹੀਨੇ ’ਚ ਸੰਤ ਗੁਰੂਆਂ ਦੀ ਚਰਨਾਂ ਦੀ ਧੂੜੀ ’ਚ ਇਸ਼ਨਾਨ ਕਰਨਾ ਅਤੇ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਸ ਮਹੀਨੇ ਪਰਮਾਤਮਾ ਦੇ ਨਾਮ ਧਿਆਉਣ, ਸੁਣਨ ਅਤੇ ਦਾਨ ਕਰਨ ਦੀ ਮਹਾਨਤਾ ਨੂੰ ਸਮਝਾਇਆ ਗਿਆ ਹੈ। ਜਿਸ ਨਾਲ ਇਨਸਾਨ ਦੇ ਜਨਮਾਂ ਜਨਮਾਂ ਦੇ ਕਰਮਾਂ ਦੀ ਮੈਲ ਉਤਰਦੀ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦਾ ਖਾਤਮਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਿਸ ਉੱਪਰ ਸਤਿਗੁਰੂ ਦੀ ਦਇਆ ਹੁੰਦੀ ਹੈ ਉਹ ਉਸ ਪਰਮਾਤਮਾ ਦੀ ਭਗਤੀ ਨੂੰ ਪ੍ਰਾਪਤ ਕਰਦਾ ਹੈ ਅਤੇ ਅਤੇ ਇਸ ਜਹਾਨ ’ਚ ਉਸਤਤ ਦਾ ਪਾਤਰ ਬਣਦਾ ਹੈ। ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਸੰਪੂਰਨ ਜੀਵ ਜਗਤ ਉੱਪਰ ਦਇਆ ਕਰਨ ਦੀ ਗੱਲ ਕਹੀ ਹੈ ਅਤੇ ਸਰਬਤ ਦੇ ਭਲੇ ਦੀ ਗੱਲ ਕਰਨ ਨੂੰ ਸਮਝਾਇਆ ਹੈ। ਹਰ ਇੱਕ ਇਨਸਾਨ ਨੂੰ ਆਪਣਾ ਵਿਵਹਾਰ ਦਇਆ ਪੂਰਨ ਰੱਖਣਾ ਚਾਹੀਦਾ ਹੈ। ਜੈਸੇ ਕੋ ਤੈਸਾ ਦੀ ਭਾਵਨਾ ਤੋਂ ਉਪਰ ਉਠਣਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬਾਨ ਸਭ ਦੇ ਅੰਦਰ ਉਸਪਰਮਾਤਮਾ ਦੀ ਮੌਜੂਦਗੀ ਦੇਖਣ ਦੀ ਗੱਲ ਕਰਦੇ ਹਨ। ਉਨ੍ਹਾਂ ਆਪਣੇ ਵਿਚਾਰਾਂ ’ਚ ਅੱਗੇ ਦੱਸਦੇ ਹੋਏ ਕਿਹਾ ਕਿ ਇਨਸਾਨ ਦੀ ਇਹ ਆਦਤ ਪੁਰਾਣੀ ਹੈ ਕਿ ਜੋ ਇਸ ਦੇ ਨਾਲ ਜੈਸਾ ਵਿਉਹਾਰ ਕਰਦਾ ਹੈ ਇਹ ਉਸ ਦਾ ਵੈਸਾ ਹੀ ਜਵਾਬ ਦਿੰਦਾ ਹੈ। ਹਾਲਾਤ ਤਾਂ ਕਦੇ-ਕਦੇ ਇੱਥੋਂ ਤੱਕ ਵੀ ਬਣ ਜਾਂਦੇ ਹਨ ਕਿ ਇਨਸਾਨ ਆਪਣੇ ਨਾਲ ਭਲਾ ਕਰਨ ਵਾਲੇ ਦਾ ਵੀ ਬੁਰਾ ਕਰ ਜਾਂਦਾ ਹੈ। ਪਰ ਇਨਸਾਨਿਯਤ ਦਾ ਨਿਯਮ ਤਾਂ ਇਹ ਹੈ ਕਿ ਜੇਕਰ ਸਾਡੇ ਨਾਲ ਕੋਈ ਬੁਰਾ ਵੀ ਕਰਦਾ ਹੈ ਤਾਂ ਉਸ ਦਾ ਵੀ ਭਲਾ ਹੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਪਰਮਾਤਮਾ ਦੀ ਖੁਸ਼ੀ, ਕਿਰਪਾ ਅਤੇ ਪਿਆਰ ਸਾਨੂੰ ਸਭ ਨੂੰ ਹਰ ਸਮੇਂ ਪ੍ਰਾਪਤ ਹੋਵੇਗਾ, ਜਿਸ ਨਾਲ ਸਾਡਾ ਸਮਾਜਿਕ ਅਤੇ ਅਧਿਆਤਮਿਕ ਜੀਵਨ ਸਫਲ ਤੇ ਸਾਰਥਕ ਹੋ ਜਾਵੇਗਾ। ਇਸ ਸਮਾਗਮ ’ਚ ਸਾਧਵੀ ਮਨਦੀਪ ਭਾਰਤੀ ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ।