ਟਰੈਕਟਰਾਂ ਨਾਲ ਭਰੇ ਟਰਾਲੇ ’ਚ ਫਸੀ ਬਿਜਲੀ ਦੀ ਤਾਰ, ਦੋ ਖੰਭੇ ਡਿੱਗੇ
ਬੀਤੀ ਦੇਰ ਰਾਤ ਮੋਗਾ ਦੇ ਮੇਨ ਬਾਜ਼ਾਰ
Publish Date: Wed, 07 Jan 2026 05:12 PM (IST)
Updated Date: Thu, 08 Jan 2026 04:03 AM (IST)

ਕੈਪਸ਼ਨ : ਮੋਗਾ ਵਿਖੇ ਟਰੈਕਟਰਾਂ ਨਾਲ ਭਰੇ ਟਰਾਲੇ ਵਿਚ ਫਸੀ ਬਿਜਲੀ ਦੀ ਤਾਰ ਦੀ ਤਸਵੀਰ। * ਦੇਰ ਰਾਤ ਮੋਗਾ ਦੇ ਮੇਨ ਬਾਜ਼ਾਰ ’ਚ ਵੱਡਾ ਹਾਦਸਾ ਟਲਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਬੀਤੀ ਦੇਰ ਰਾਤ ਮੋਗਾ ਦੇ ਮੇਨ ਬਾਜ਼ਾਰ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਟਰੈਕਟਰਾਂ ਨਾਲ ਭਰੇ ਇਕ ਟਰਾਲੇ ’ਚ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਫਸ ਗਈ। ਤਾਰ ਅੜਨ ਕਾਰਨ ਜ਼ੋਰਦਾਰ ਝਟਕੇ ਨਾਲ ਦੋ ਬਿਜਲੀ ਦੇ ਖੰਭੇ ਟੁੱਟ ਕੇ ਸਿੱਧੇ ਟਰਾਲੇ ਉਪਰ ਡਿੱਗ ਪਏ। ਇਸ ਅਚਾਨਕ ਵਾਪਰੀ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਹਾਲਾਂਕਿ ਖੁਸ਼ਕਿਸਮਤੀ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਕਾਰਨ ਅੱਧੇ ਸ਼ਹਿਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ, ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਤੁਰੰਤ ਟ੍ਰੈਫਿਕ ਨੂੰ ਡਾਈਵਰਟ ਕਰ ਦਿੱਤਾ ਗਿਆ ਤਾਂ ਜੋ ਕਿਸੇ ਹੋਰ ਅਣਹੋਣੀ ਤੋਂ ਬਚਿਆ ਜਾ ਸਕੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬਿਜਲੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਬਿਜਲੀ ਸਪਲਾਈ ਨੂੰ ਬੰਦ ਕਰਕੇ ਖੰਭਿਆਂ ਅਤੇ ਤਾਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ, ਤਾਂ ਜੋ ਜਲਦੀ ਬਿਜਲੀ ਸਪਲਾਈ ਨੂੰ ਮੁੜ ਸੁਚਾਰੂ ਕੀਤਾ ਜਾ ਸਕੇ। ਉੱਥੇ ਹੀ ਪੁਲਿਸ ਵੱਲੋਂ ਹਾਦਸਾਗ੍ਰਸਤ ਟਰਾਲੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉੱਚੇ ਤੇ ਭਾਰੇ ਵਾਹਨਾਂ ਦੀ ਆਵਾਜਾਈ ਦੌਰਾਨ ਖਾਸ ਸਾਵਧਾਨੀ ਵਰਤੀ ਜਾਵੇ ਤੇ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਤੋਂ ਲੰਘਦੇ ਸਮੇਂ ਪੂਰਾ ਧਿਆਨ ਰੱਖਿਆ ਜਾਵੇ, ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।