ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਗਰੂਕਤਾ ਕੈਂਪ ਲਾਇਆ
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ
Publish Date: Sat, 22 Nov 2025 04:11 PM (IST)
Updated Date: Sun, 23 Nov 2025 04:01 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ, ਕੋਟ ਈਸੇ ਖਾਂ : ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਸਰਕਾਰੀ ਹਾਈ ਸਕੂਲ ਦੌਲੇਵਾਲਾ ਮਾਇਰ ਵਿਚ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੰਵਿਧਾਨਕ ਅਧਿਕਾਰਾਂ, ਕਾਨੂੰਨੀ ਸੁਰੱਖਿਆ ਪ੍ਰਣਾਲੀ, ਬਾਲ ਅਧਿਕਾਰਾਂ, ਸਾਈਬਰ ਕ੍ਰਾਈਮ ਤੋਂ ਸੁਰੱਖਿਆ ਅਤੇ ਕਾਨੂੰਨੀ ਸਹਾਇਤਾ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨੀ ਸੀ। ਐਡਵੋਕੇਟ ਰਜੇਸ਼ ਸ਼ਰਮਾਂ ਅਤੇ ਪੀਐੱਲਵੀ ਵੈਸ਼ਾਲੀ ਨੇ ਸਧਾਰਣ ਤੇ ਸਮਝਣਯੋਗ ਭਾਸ਼ਾ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੂਲ ਅਧਿਕਾਰਾਂ, ਕਰਤਵਿਆਂ ਅਤੇ ਕਾਨੂੰਨੀ ਸੇਵਾਵਾਂ ਤੋਂ ਮੁਫ਼ਤ ਲਾਭ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸਦੇ ਨਾਲ ਹੀ ਸਾਈਬਰ ਬੁਲੀਅਿੰਗ, ਨਸ਼ਾ ਨਿਵਾਰਨ, ਬਾਲ ਵਿਆਹ ਅਤੇ ਮਹਿਲਾ ਸੁਰੱਖਿਆ ਵਰਗੇ ਮਹੱਤਵਪੂਰਨ ਵਿਸ਼ਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੇ ਸਮਾਗਮ ਵਿਚ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਕਾਨੂੰਨੀ ਮਾਹਰਾਂ ਨਾਲ ਆਪਣੇ ਪ੍ਰਸ਼ਨ ਵੀ ਸਾਂਝੇ ਕੀਤੇ। ਸਕੂਲ ਪ੍ਰਬੰਧਕਾਂ ਨੇ ਜ਼ਿਲਾ ਕਾਨੂੰਨੀ ਅਥਾਰਟੀ ਮੋਗਾ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਨੌਜਵਾਨ ਪੀੜ੍ਹੀ ਨੂੰ ਕਾਨੂੰਨ ਦੀ ਸੂਝ ਦੇ ਨਾਲ-ਨਾਲ ਸਮਾਜ ਵਿਚ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਤ ਕਰਦੇ ਹਨ। ਅੰਤ ਵਿੱਚ, ਅਥਾਰਟੀ ਵੱਲੋਂ ਸਮੂਹ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਲਗਾਤਾਰ ਆਯੋਜਿਤ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਕੂਲ ਸਟਾਫ ਵਿਚ ਮਾਸਟਰ ਬੀਰਿਇੰਦਰ ਸਿੰਘ, ਪਰਮਜੀਤ ਕੌਰ ਪੂਨਮ ਹਾਡਾ, ਕੁਲਵਿੰਦਰ ਕੌਰ ਸਕੂਲ ਇੰਚਾਰਜ ਮੈਡਮ ਰਮਨ ਦੀਪ ਕੰਬੋਜ਼ ਆਦ ਹਾਜ਼ਰ ਸਨ।