ਬਾਦਲ ਪਿੰਡ ’ਚ ਔਰਤਾਂ ਦੀ ਹੋਈ ਵੱਡੀ ਇਕੱਤਰਤਾ
ਇਸਤਰੀ ਵਿੰਗ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ’ਚ ਬਾਦਲ ਪਿੰਡ ’ਚ ਔਰਤਾਂ ਦੀ ਵੱਡੀ ਇਕੱਤਰਤਾ
Publish Date: Thu, 04 Dec 2025 04:54 PM (IST)
Updated Date: Fri, 05 Dec 2025 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਇਸਤਰੀ ਅਕਾਲੀ ਦਲ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦੀ ਅਗਵਾਈ ’ਚ ਅੱਜ ਪਿੰਡ ਬਾਦਲ ਵਿਖੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਠੀ ’ਚ ਮਹਿਲਾਵਾਂ ਦਾ ਵੱਡਾ ਇਕੱਠ ਹੋਇਆ ਜਿਨ੍ਹਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ’ਚ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਅਹਿਮ ਰੋਲ ਨਿਭਾਉਣ ਦਾ ਐਲਾਨ ਕੀਤਾ। ਇਸ ਮੌਕੇ ਬੀਬੀ ਹਰਗੋਬਿੰਦ ਕੌਰ ਨੇ ਵੱਡੇ ਇਕੱਠ ’ਚ ਪਹੁੰਚੀਆਂ ਵਿਧਾਨ ਸਭਾ ਹਲਕਾ ਲੰਬੀ ਸਮੇਤ ਮਾਲਵਾ ਇਲਾਕੇ ਦੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮਹਿਲਾਵਾਂ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਚੋਣਾਂ ਵੇਲੇ ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵੱਡੇ ਦਾਅਵੇ ਅਤੇ ਵਾਅਦੇ ਕਰਕੇ ਲਈਆਂ ਵੋਟਾਂ ਅਤੇ ਹੁਣ ਉਹ ਸਕੀਮ ਲਾਗੂ ਨਾ ਕਰਨ ਵਾਲੀ ਆਪ ਸਰਕਾਰ ਨੂੰ ਉਹ ਇਨ੍ਹਾਂ ਚੋਣਾਂ ’ਚ ਚੱਲਦਾ ਕਰਨ ਲਈ ਸ਼ੋ੍ਮਣੀ ਅਕਾਲੀ ਦਲ ਹੱਕ ’ਚ ਨਿੱਤਰਣਗੀਆਂ। ਕਿਉਂਕਿ ਸੂਬੇ ਦਾ ਵਿਕਾਸ ਸ਼ੋ੍ਮਣੀ ਅਕਾਲੀ ਦਲ ਵੇਲੇ ਹੀ ਹੋਇਆ। ਇਸ ਮੌਕੇ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੇ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਮੁੱਚੀ ਲੀਡਰਸ਼ਿਪ ਨੇ ਜੋ ਕਿਹਾ ਕਰਕੇ ਵਿਖਾਇਆ ਜਦੋਂ ਕਿ ਕਾਂਗਰਸ ਅਤੇ ਆਪ ਨੇ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ 10 ਸਾਲ ਵਿੱਚ ਪੰਜਾਬ ਵਿਕਾਸ ਪੱਖੋਂ ਬਹੁਤ ਪਛੜ ਗਿਆ, ਖਾਸ ਕਰਕੇ ਮਹਿਲਾਵਾਂ ਤੇ ਅੱਤਿਆਚਾਰ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਪਾਸੇ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਮਾਨ ਸਰਕਾਰ ਇਸ਼ਤਿਹਾਰਾਂ ਦੇ ਦਮ ਤੇ ਸਰਕਾਰ ਚਲ ਰਹੀ ਹੈ ਜਦੋਂ ਕਿ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਉਹ ਸ਼ੋ੍ਮਣੀ ਅਕਾਲੀ੍ ਦਲ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਘਰ ਘਰ ਜਾ ਕੇ ਪ੍ਰਚਾਰ ਕਰਨਗੇ।