92 ਸਾਲਾ ਬਾਪੂ ਗੁਲਜ਼ਾਰ ਸਿੰਘ ਅੱਜ ਵੀ ਪੂਰੀ ਤਰ੍ਹਾਂ ਫਿੱਟ, ਦਿੰਦੈ ਨੌਜਵਾਨਾਂ ਨੂੰ ਸੁਨੇਹਾ
92 ਸਾਲਾ ਬਾਪੂ ਗੁਲਜਾਰ ਸਿੰਘ ਅੱਜ ਵੀ ਪੂਰੀ ਤਰ੍ਹਾਂ ਫਿੱਟ, ਦਿੰਦਾ ਹੈ ਨੌਜਵਾਨਾਂ ਨੂੰ ਸੁਨੇਹਾ
Publish Date: Wed, 26 Nov 2025 03:13 PM (IST)
Updated Date: Wed, 26 Nov 2025 03:14 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਪੰਜਾਬ ਬੁਰੀ ਤਰ੍ਹਾਂ ਨਸ਼ਿਆਂ ਦੀ ਲਪੇਟ ’ਚ ਆ ਚੁੱਕਾ ਹੈ। ਧੜਾ ਧੜਾ ਨੌਜਵਾਨੀ ਖਤਮ ਹੋ ਰਹੀ ਹੈ। ਹਰ ਪਾਸੇ ਚੀਕ ਚਿਹਾੜਾ ਵੈਣ ਪੈ ਰਹੇ ਹਨ ਪਰ ਪਿੰਡ ਪੰਨੀ ਵਾਲਾ ਫੱਤਾ ਜਿਲਾ ਸ੍ਰੀ ਮੁਕਤਸਰ ਸਾਹਿਬ ਦਾ 92 ਸਾਲਾ ਬਾਪੂ ਗੁਲਜਾਰ ਸਿੰਘ ਅੱਜ ਵੀ ਬਿਮਾਰੀ ਰਹਿਤ ਪੂਰੀ ਤਰ੍ਹਾਂ ਫਿੱਟ ਹੈ। ਬਾਪੂ ਨੇ ਦੱਸਿਆ ਕਿ ਆਜ਼ਾਦੀ ਵੇਲੇ ਮੇਰੀ ਉਮਰ 14 ਸਾਲ ਦੀ ਸੀ ਅਤੇ ਉਸ ਵਕਤ ਮੈਂ ਪਿੰਡ ਭਲੇਰੀਆਂ ਤੋਂ ਇਕ ਉਜਾੜੇ ਵਾਲੇ ਘਰ ਦਾ ਮੰਜਾ ਚੁੱਕ ਕੇ ਲੈ ਆਇਆ ਸੀ। ਉਸ ਨੇ ਕਿਹਾ ਕਿ ਉਸ ਵੇਲੇ ਦਾ ਮੰਜਰ ਯਾਦ ਕਰ ਕੇ ਅੱਜ ਵੀ ਦਿਲ ਕੰਬਣ ਲੱਗ ਪੈਂਦਾ ਹੈ। ਬਾਪੂ ਗੁਲਜਾਰ ਸਿੰਘ ਮਹਿਰਾ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਹੈ। ਉਸ ਨੇ ਦੱਸਿਆ ਕਿ ਮੈਂ ਬਹੁਤ ਛੋਟੀ ਉਮਰ ਵਿੱਚ ਹੀ ਕੰਮ ਕਰਨ ਲੱਗ ਪਿਆ ਸੀ ਅਤੇ ਬਾਪੂ ਹੁਰੀ ਸੱਤ ਭਰਾ ਸਨ ਜਿਨਾਂ ਵਿੱਚੋਂ ਦੋ ਤੁਰ ਗਏ ਹਨ ਅਤੇ ਬਾਕੀ ਠੀਕ ਠਾਕ ਹਨ। ਇਸ ਮੌਕੇ ਬਾਪੂ ਨੇ ਕਿਹਾ ਕਿ ਪੰਨੀਵਾਲੇ ਦੀ ਸੰਗਤ ਨੇ ਨਵਾਂ ਖੂਹ ਲਾਇਆ ਸੀ ਅਤੇ ਮੈਨੂੰ ਮੇਰੇ ਮਾਪਿਆਂ ਨੇ ਖੂਹ ਵਿੱਚੋਂ ਪਾਣੀ ਕੱਢਣ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਪਾਉਣ ਦਾ ਜਿੰਮਾ ਸੌਪ ਦਿੱਤਾ। ਉਸਨੇ ਕਿਹਾ ਕਿ ਖੂਹ ਵਿੱਚੋਂ ਪਾਣੀ ਕੱਢ ਕੇ ਮੈਂ ਹੱਥਾਂ ਨਾਲ ਪਾਣੀ ਖਿੱਚ ਕੇ ਦੋ ਪੀਪੇ ਭਰ ਲੈਂਦਾ ਅਤੇ ਦੋ ਪੀਪੇ ਇਕ ਘਰ ਵਿੱਚ ਪਾਣੀ ਦੇ ਪਾ ਕੇ ਆਉਂਦਾ। ਇਸੇ ਤਰ੍ਹਾਂ ਸਾਰਾ ਦਿਨ ਲੱਗ ਜਾਂਦਾ, ਇਸ ਬਦਲੇ ਲੋਕ ਖਾਣ ਲਈ ਰੋਟੀ ਅਤੇ ਕਣਕ ਦੇ ਸੀਜਨ ਵੇਲੇ ਕਣਕ ਦਾ ਗੱਟਾ ਗੱਟਾ ਅਤੇ ਤੂੜੀ ਆਦਿ ਦੇ ਦਿੰਦੇ ਸਨ। ਬਾਪੂ ਨੇ ਦੱਸਿਆ ਕਿ ਮੇਰੇ ਵਿਆਹ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਘਰੇਲੂ ਜੜੀ ਬੂਟੀਆਂ ਨਾਲ ਪਸ਼ੂਆਂ ਦਾ ਇਲਾਜ ਕਰਨਾ ਸਿਖਾ ਦਿੱਤਾ ਅਤੇ ਅੰਗ ਪੈਰ ਟੁੱਟਣ, ਉੱਤਰਨ, ਜੋੜਨ ਦਾ ਕੰਮ ਸਿਖਾ ਦਿੱਤਾ। ਮੈਂ ਪਾਣੀ ਪਾ ਕੇ ਉਸਤੋਂ ਬਾਅਦ ਇਹ ਕੰਮ ਵੀ ਕਰਨ ਲੱਗ ਪਿਆ। ਬਾਪੂ ਕਹਿੰਦਾ ਫਿਰ ਮੈਂ ਇੱਕ ਗੱਡਾ ਬਣਾ ਲਿਆ। ਜ਼ਿਮੀਦਾਰ ਮੈਨੂੰ ਆਪਣੀ ਜਿਨਸ ਮੇਰੇ ਗੱਡੇ ਉੱਤੇ ਲੱਦ ਕੇ ਦੇ ਦਿੰਦੇ ਅਤੇ ਸੁਬਹਾ ਮੈਂ ਦੋ ਵਜੇ ਗੱਡਾ ਮਲੋਟ ਸ਼ਹਿਰ ਨੂੰ ਤੋਰ ਲੈਂਦਾ ਅਤੇ ਉੱਥੇ ਜਿਨਸ ਲਾਹ ਕੇ ਫਿਰ ਆ ਕੇ ਖੂਹ ਤੋਂ ਪਾਣੀ ਭਰਦਾ। ਇਹ ਕੰਮ ਰੋਜ਼ਾਨਾ ਹੀ ਹੁੰਦਾ ਸੀ। ਪੰਜ ਮੁੰਡਿਆਂ ਨੂੰ ਪਾਲਣਾ ਵੀ ਮੇਰੀ ਹੀ ਜਿੰਮੇਵਾਰੀ ਸੀ। ਮੇਰੇ ਘਰ ਵਾਲੀ ਦਾਣੇ ਭੁੰਨਦੀ ਅਤੇ ਪਾਣੀ ਭਰਨ ਵਿੱਚ ਵੀ ਮੇਰੀ ਮਦਦ ਕਰਾਉਂਦੀ, ਹੌਲੀ ਹੌਲੀ ਮੁੰਡੇ ਗੱਭਰੂ ਹੋ ਗਏ ਅਤੇ ਮੇਰੇ ਨਾਲ ਹੱਥ ਵਟਾਉਣ ਲੱਗ ਪਏ। ਪੰਜਾਂ ਮੁੰਡਿਆਂ ਦੇ ਵਿਆਹ ਕੀਤੇ, ਘਰ ਬਣਾ ਕੇ ਦਿੱਤੇ ਅਤੇ ਮੁੰਡਿਆਂ ਨੂੰ ਇੱਕ ਇੱਕ ਊਠ ਗੱਡੀ ਲੈ ਕੇ ਦਿੱਤੀ ਤਾਂ ਕਿ ਉਹ ਆਪਣਾ ਰੁਜ਼ਗਾਰ ਚਲਾ ਸਕਣ। ਸਾਰਾ ਪਿੰਡ ਬਾਪੂ ਨੂੰ ਬਹੁਤ ਹੀ ਜਿਆਦਾ ਪਿਆਰ ਅਤੇ ਸਤਿਕਾਰ ਦਿੰਦਾ ਸੀ ਅਤੇ ਅੱਜ ਵੀ ਦਿੰਦਾ ਹੈ। ਬਾਪੂ ਕਹਿੰਦਾ ਮੈਂ ਜ਼ਿੰਦਗੀ ਵਿੱਚ ਕਦੇ ਵੀ ਕੋਈ ਨਸ਼ਾ ਨਹੀਂ ਕੀਤਾ ਅਤੇ ਮੇਰੇ ਕੋਲ ਤਿੰਨ ਸੱਜਰ ਸੂਈਆਂ ਮੱਝਾਂ ਹਮੇਸ਼ਾ ਹੀ ਹੁੰਦੀਆਂ ਸਨ। ਮੈਂ ਅਤੇ ਮੇਰੇ ਪਰਿਵਾਰ ਨੇ ਰੱਜ ਕੇ ਘਿਉ ਖਾਧਾ ,ਦੁੱਧ ਪੀਤਾ। ਬਾਪੂ ਗੁਲਜਾਰ ਸਿੰਘ ਨੂੰ ਉਸ ਵਕਤ ਤਕੜਾ ਝਟਕਾ ਲੱਗਿਆ ਜਦ ਬਾਪੂ ਦੇ ਤਿੰਨ ਪੁੱਤ, ਘਰਵਾਲੀ ਅਤੇ ਇੱਕ ਨੂੰਹ ਇਸ ਜਹਾਨ ਤੋਂ ਕੂਚ ਕਰ ਗਏ ਪਰ ਬਾਪੂ ਨੇ ਸਭ ਕੁਝ ਰੱਬ ਦਾ ਭਾਣਾ ਕਹਿ ਕੇ ਪ੍ਰਵਾਨ ਕੀਤਾ। ਹੁਣ ਬਾਪੂ ਸੁਬ੍ਹਾ ਚਾਰ ਵਜੇ ਉਠਦਾ ਹੈ ਅਤੇ ਨਹਾ ਧੋ ਲੈਂਦਾ ਹੈ, ਪੂਜਾ ਪਾਠ ਕਰਦਾ ਹੈ ਉਸਤੋਂ ਬਾਅਦ ਬਾਪੂ ਆਸ ਪਾਸ ਦੇ ਪਿੰਡਾਂ ਵਿੱਚ ਦਵਾਈ ਦੇਣ ਜਾਂਦਾ ਹੈ। ਬਾਪੂ 15 ਕਿਲੋਮੀਟਰ ਰੋਜ ਸਾਈਕਲ ਚਲਾਉਂਦਾ ਹੈ। ਬਾਪੂ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਨਸ਼ਾ ਬਿਲਕੁਲ ਨਾ ਕਰੋ ਚੰਗੀ ਖੁਰਾਕ ਖਾਓ ਅਤੇ ਮੇਰੇ ਵਾਂਗ ਤੰਦਰੁਸਤ ਰਹੋ ਇਹ ਜਿੰਦਗੀ ਬਾਰ-ਬਾਰ ਨਹੀਂ ਮਿਲਦੀ।