ਗਲੀ ’ਚ ਜਮਾਂ ਪਾਣੀ ਪੀਣ ਨਾਲ ਸ਼ੱਕੀ ਹਾਲਤ ’ਚ 18 ਬੱਕਰੀਆਂ ਤੇ ਭੇਡਾਂ ਦੀ ਮੌਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨਵੀਂ ਅਨਾਜ ਮੰਡੀ ਦੀ ਬੈਕ ਸਾਈਡ ਰੋਡ ’ਤੇ 6 ਬੱਕਰੀਆਂ ਤੇ 12 ਭੇਡਾਂ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਪੀੜਿਤ ਵਿਅਕਤੀ ਦਾ ਦੋਸ਼ ਹੈ ਕਿ ਗਲੀ ’ਚ ਜਮ੍ਹਾਂ ਪਾਣੀ ਪੀਣ ਦੇ ਨਾਲ ਉਸਦੇ ਜਾਨਵਰਾਂ ਦੀ ਮੌਤ ਹੋਈ। ਪਾਣੀ ’ਚ ਕੋਈ ਜ਼ਹਿਰੀਲੀ ਦਵਾਈ ਮਿਲੀ ਹੋਣ ਦਾ ਸ਼ੱਕ ਜਤਾਇਆ ਹੈ। ਮੁਕਤਸਰ ਵਾਸੀ ਅਸਲਮ ਖਾਨ ਨੇ ਦੱਸਿਆ ਕਿ ਉਸਦੇ ਕੋਲ ਭੇਡਾਂ ਤੇ ਬੱਕਰੀਆਂ ਹਨ। ਉਸਦਾ ਇਹੋ ਹੀ ਕਾਰੋਬਾਰ ਹੈ। ਉਹ ਰੋਜ਼ ਦੀ ਤਰ੍ਹਾਂ ਐਤਵਾਰ ਨੂੰ ਨਵੀਂ ਅਨਾਜ ਮੰਡੀ ਮੁਕਤਸਰ ਦੀ ਬੈਕ ਸਾਈਡ ਖੁੱਲੀ ਜਗ੍ਹਾ ਤੇ ਬੱਕਰੀਆਂ ਅਤੇ ਭੇਡਾਂ ਨੂੰ ਚਾਰਾ ਖਵਾਉਣ ਦੇ ਲਈ ਲਿਆਇਆ ਸੀ। ਜਿੱਥੇ ਗਲੀ ’ਚ ਪਾਣੀ ਜਮਾ ਸੀ ਜਿਸਨੂੰ ਬੱਕਰੀਆਂ ਤੇ ਭੇਡਾਂ ਨੇ ਪੀ ਲਿਆ। ਪਾਣੀ ਪੀਣ ਤੋਂ ਬਾਅਦ ਇੱਕ ਇਕ ਕਰ ਕੇ ਬੱਕਰੀਆਂ ਅਤੇ ਭੇਡਾਂ ਦੇ ਸਰੀਰ ਫੁੱਲਣ ਲੱਗ ਗਏ ਤੇ ਉਹ ਤੜਫਣ ਲੱਗ ਪਈਆਂ। ਇਸਤੋਂ ਬਾਅਦ ਲਗਾਤਾਰ ਇੱਕੋ ਹੀ ਸਮੇਂ ਇੱਕ ਇੱਕ ਕਰਕੇ ਬੱਕਰੀਆਂ ਤੇ ਭੇਡਾ ਮਰਨੀਆਂ ਸ਼ੁਰੂ ਹੋ ਗਈਆਂ। ਉਸ ਦੀਆਂ ਛੇ ਬੱਕਰੀਆਂ ਤੇ 12 ਭੇਡਾਂ ਮਰ ਗਈਆਂ ਹਨ। ਇਸ ਨਾਲ ਉਸਦਾ ਲਗਭਗ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅਸਲਮ ਖਾਨ ਨੇ ਦੱਸਿਆ ਕਿ ਮੰਡੀ ਦੀ ਬੈਕ ਸਾਈਡ ਪੈਸਟੀਸਾਈਡ ਦੀਆਂ ਦੁਕਾਨਾਂ ਹਨ। ਦੁਕਾਨਦਾਰ ਖੇਤਾਂ ’ਚ ਪਾਈ ਜਾਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦੇ ਡੱਬੇ ਅਤੇ ਖਾਦ ਇਦਾਂ ਹੀ ਇਹ ਪਿੱਛੇ ਖੁੱਲੇ ’ਚ ਸੁੱਟ ਦਿੰਦੇ ਹਨ। ਇਹੋ ਹੀ ਜ਼ਹਿਰੀਲੀਆਂ ਦਵਾਈਆਂ ਉੱਥੇ ਗਲੀ ’ਚ ਖੜੇ ਪਾਣੀ ਵਿੱਚ ਮਿਲੀਆਂ ਹੋਣ ਦਾ ਸ਼ੱਕ ਹੈ। ਉਸਦੀਆਂ ਭੇਡਾਂ ਦੇ ਬੱਕਰੀਆਂ ਵੱਲੋਂ ਇਹ ਪਾਣੀ ਪੀਤਾ ਗਿਆ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਕਿਉਂਕਿ ਇੱਥੇ ਗਰੀਬ ਪਰਿਵਾਰਾਂ ਦੇ ਬੱਚੇ ਵੀ ਖੇਡਦੇ ਹਨ ਅਤੇ ਇਸ ਜ਼ਹਿਰੀਲੇ ਪਾਣੀ ’ਚ ਖੇਡਦਿਆਂ ਖਾਸ ਕਰਕੇ ਬੱਚਿਆਂ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਕਰਕੇ ਜਿਲਾ ਪ੍ਰਸ਼ਾਸਨ ਨੂੰ ਜਾਂਚ ਕਰਨੀ ਚਾਹੀਦੀ ਹੈ ਤੇ ਲਾਪਰਵਾਹੀ ਵਰਤਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਪੀੜਿਤ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ।