ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੂੰ ਮਿਲਿਆ ਫ਼ੈਪ ਨੈਸ਼ਨਲ ਐਵਾਰਡ 2025
ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼
Publish Date: Tue, 09 Dec 2025 03:24 PM (IST)
Updated Date: Tue, 09 Dec 2025 03:27 PM (IST)

ਸਟਾਫ ਰਿਪੋਰਟਰ ਪੰਜਾਬੀ ਜਾਗਰਣ ਕੋਟਕਪੂਰਾ : ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਦੂਰ ਅੰਦੇਸ਼ੀ, ਬਹੁਪੱਖੀ ਸ਼ਖਸੀਅਤ ਦੇ ਮਾਲਕ ਅਤੇ ਚਾਨਣ ਮੁਨਾਰੇ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ ਦੀ ਯੋਗ ਅਗਵਾਈ ਹੇਠ ਸ਼ਾਨਾਮੱਤੇ ਈਵੈਂਟ ਦਾ ਪੰਜਵਾਂ ਸੀਜ਼ਨ ਫੈਪ ਨੈਸ਼ਨਲ ਐਵਾਰਡਜ਼ 2025 ਦਾ ਆਯੋਜਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ। ਇਸ ਐਵਾਰਡ ਲਈ ਦੇਸ਼ ਭਰ ਦੇ ਸਕੂਲਾਂ ਨੇ ਵੱਖ ਵੱਖ ਕੈਟਾਗਰੀਜ਼ ‘ਚ ਆਪਣੀ ਰਜਿਸਟਰੇਸ਼ਨ ਕਰਵਾਈ ਪਰੰਤੂ ਐਵਾਰਡ ਦੀ ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਕੁਝ ਚੋਣਵੇਂ ਸਕੂਲਾਂ ਦੇ ਹਿੱਸੇ ਇਹ ਐਵਾਰਡ ਆਇਆ ਸਾਡੇ ਸ਼ਹਿਰ ਦੀ 37 ਸਾਲ ਪੁਰਾਣੀ ਵਿਦਿਅਕ ਸੰਸਥਾ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਹਿੱਸੇ ਫੈਪ ਨੈਸ਼ਨਲ ਐਵਾਰਡ 2025 ਆਇਆ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੂੰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਪਾਸੋਂ ਐਵਾਰਡ ਹਾਸਿਲ ਕਰਨ ਦਾ ਮਾਣ ਪ੍ਰਾਪਤ ਹੋਇਆ। ਪ੍ਰਿੰਸੀਪਲ ਮੱਕੜ ਨੇ ਜਾਣਕਾਰੀ ‘ਚ ਵਾਧਾ ਕਰਦਿਆਂ ਦੱਸਿਆ ਕਿ ਇਹ ਐਵਾਰਡ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪਹਿਲੇ ਨੰਬਰ ‘ਤੇ ਅਕਾਦਮਿਕ ਉਪਲਬਧੀਆਂ ‘ਚ ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ 94 ਪ੍ਰਤੀਸ਼ਤ ਅੰਕ, ਖੇਡਾਂ ‘ਚ ਬਲਾਕ ਅਤੇ ਜ਼ੋਨਲ ਪੱਧਰ ‘ਤੇ ਕਈ ਪਹਿਲੇ ਅਤੇ ਦੂਜੇ ਸਥਾਨ, ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਪ੍ਰਸਾਰ ਲਈ ਜਾਗਰੂਕਤਾ ਸੈਮੀਨਾਰ, ਵਾਤਾਵਰਨ ਸੰਭਾਲ ਲਈ ਜਾਗਰੂਕਤਾ ਰੈਲੀ, ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ, ਆਦਿ ਸਭ ਪੱਖਾਂ ਦਾ ਮੁਲਾਂਕਣ ਕਰਨ ਉਪਰੰਤ ਇਸ ਐਵਾਰਡ ਲਈ ਸੰਸਥਾ ਦੀ ਚੋਣ ਕੀਤੀ ਗਈ। ਸਕੂਲ ਡਾਇਰੈਕਟਰ ਕਰਨੈਲ ਸਿੰਘ ਮੱਕੜ ਨੇ ਸਭ ਤੋਂ ਪਹਿਲਾਂ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ ਪ੍ਰਾਈਵੇਟ ਸਕੂਲਾਂ ਲਈ ਏਨਾ ਵੱਡਾ ਮੰਚ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਕੂਲ ਦੇ ਹਿੱਸੇ ਆਏ ਇਸ ਐਵਾਰਡ ਲਈ ਸਕੂਲ ਪ੍ਰਿੰਸੀਪਲ, ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਿੱਥੇ ਵਧਾਈ ਦੇ ਸ਼ਬਦ ਕਹੇ ਉੱਥੇ ਹੀ ਉਨ੍ਹਾਂ ਕਿਹਾ ਕਿ ਕੋਟਕਪੂਰਾ ਸ਼ਹਿਰ ਲਈ ਵੀ ਇਹ ਮਾਣ ਵਾਲੀ ਗੱਲ ਹੈ ਆਖਿਰ ‘ਚ ਉਨ੍ਹਾਂ ਨੇ ਸਕੂਲ ਦੀ ਸਮੁੱਚੀ ਟੀਚਿੰਗ ਅਤੇ ਨਾਨ ਟੀਚਿੰਗ ਟੀਮ ਨੂੰ ਭਵਿੱਖ‘ਚ ਹੋਰ ਲਗਨ ਅਤੇ ਮਿਹਨਤ ਨਾਲ ਵਿਦਿਆਰਥੀਆਂ ਦੀ ਬਿਹਤਰੀ ਲਈ ਨਿਰੰਤਰ ਕਾਰਜ ਕਰਨ ਦੀ ਪ੍ਰੇਰਨਾ ਦਿੱਤੀ।