ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦੀ ਅਗਵਾਈ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਸੁਆਮੀ ਸੰਤ ਜ਼ੋਰਾ ਸਿੰਘ ਜੀ ਦੀ 20ਵੀਂ ਸਾਲਾਨਾ ਬਰਸੀ 22 ਨਵੰਬਰ ਸ਼ਨੀਵਾਰ ਨੂੰ ਸੰਤ ਆਸ਼ਰਮ ਦਰਬਾਰ ਸੰਪਰਦਾਇ ਲੋਪੋਂ (ਮੋਗਾ) ਵਿਖੇ ਮਨਾ ਰਹੀਆਂ ਹਨ। ਇਸ ਸਮਾਗਮ ਸਬੰਧੀ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਅਖੰਡ ਪਾਠਾਂ ਦੀਆਂ 13 ਲੜੀਆਂ ਦੇ ਗੁਰਬਾਣੀ ਪ੍ਰਵਾਹਾਂ ਦੇ ਭੋਗ 22 ਨਵੰਬਰ ਨੂੰ ਨਿਰਵਿਘਨਤਾ ਸਹਿਤ ਪਾਏ ਜਾਣਗੇ।

ਮਨਦੀਪ ਸਿੰਘ ਝਾਂਜੀ, ਪੰਜਾਬੀ ਜਾਗਰਣ, ਬੱਧਨੀ ਕਲਾਂ : ਮਾਲਵਾ ਖੇਤਰ ਵਿਚ ਸਥਿਤ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਲੋਪੋਂ ਨੂੰ ਜਿੱਥੇ ‘ਮੀਰੀ -ਪੀਰੀ’ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੈ। ਉੱਥੇ ਇੱਥੇ ਮਹਾਨ ਪਰਉਪਕਾਰੀ, ਸ਼ਾਂਤੀ ਦੇ ਸੋਮੇ, ਸੇਵਾ ਦੇ ਪੁੰਜ ਸੁਆਮੀ ਸੰਤ ਜ਼ੋਰਾ ਸਿੰਘ ਲੋਪੋਂ ਵਾਲੇ ਹੋਏ, ਜਿਨ੍ਹਾਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਵੱਲੋਂ ਚਲਾਈਆਂ ਸੇਵਾਵਾਂ ਨੂੰ ਬਾਖੂਬੀ ਨਿਭਾਉਂਦਿਆਂ ਲੋਪੋਂ ਸੰਪਰਦਾਇ ਦਾ ਨਾਂ ਸੰਸਾਰ ਭਰ ’ਚ ਰੌਸ਼ਨ ਕੀਤਾ। ਸੁਆਮੀ ਸੰਤ ਜ਼ੋਰਾ ਸਿੰਘ ਦਾ ਜਨਮ 1935 ਈਸਵੀ ਵਿਚ ਮਾਤਾ ਇੰਦ ਕੌਰ ਅਤੇ ਪਿਤਾ ਸ਼ੇਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਨੂੰ ਵਿਰਸੇ ਵਿੱਚੋਂ ਮਿਲੀ ਲੋਕ ਸੇਵਾ ਰੂਪੀ ਗੁੜ੍ਹਤੀ ਤੇ ਆਪਣੇ ਮੁਰਸ਼ਦ ਸੁਆਮੀ ਸੰਤ ਦਰਬਾਰਾ ਸਿੰਘ ਵੱਲੋਂ ਬਖਸ਼ੀ ਭਗਤੀ ਰੂਪੀ ਖੁਸ਼ਬੋਆਂ ਨੂੰ ਸੰਸਾਰ ਸਾਗਰ ਦੇ ਜੀਵਾਂ ਨੂੰ ਸੁਗੰਧੀਆਂ ਵਰਤਾਉਂਦਿਆਂ ਸੰਗਤਾਂ ਨੂੰ ਦਇਆ ਦੇ ਭੰਡਾਰੇ ਬਖਸ਼ੇ। ‘ਚਿੱਟੇ ਬਾਣੇ’ ’ਚ ਸਜਕੇ ਰਹਿਣ ਵਾਲੇ ਮਹਾਂਪੁਰਸ਼ਾਂ ਨੇ ਹਮੇਸ਼ਾ ਸੰਗਤਾਂ ਨੂੰ ਗਊ-ਗਰੀਬ ਦੀ ਰਾਖੀ ਕਰਨ ਦਾ ਉਪਦੇਸ਼ ਦਿੱਤਾ ਅਤੇ ਆਪ ਵੀ ਹਜ਼ਾਰਾਂ ਗਊਆਂ ਦੀ ਸੇਵਾ ਕੀਤੀ। ਹੱਥੀਂ ਕਿਰਤ ਕਰਨ ਨੂੰ ਤਰਜੀਹ ਦੇਣਾ, ਸੇਵਾ ਕਰਨਾ, ਹਰੇਕ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ ਆਪ ਜੀ ਦੇ ਸਾਧੂ ਸੁਭਾਅ ਦਾ ਇਕ ਹਿੱਸਾ ਸੀ।
ਸਮਾਜ ਸੇਵਾ ਦਾ ਜਜ਼ਬਾ ਰੱਖਦਿਆਂ ਸੁਆਮੀ ਜੀ ਨੇ ਜਿੱਥੇ ਪਿੰਡ ਲੋਪੋਂ ਦੇ ਸਰਪੰਚ ਹੁੰਦਿਆਂ ਲੋਕਾਂ ਦੀ ਸੇਵਾ ਕੀਤੀ, ਉੱਥੇ ਦਰਬਾਰ ਸੰਪਰਦਾਇ ਵੱਲੋਂ ਚਲਾਏ ਜਾ ਰਹੇ ਗੁਰੂ-ਘਰਾਂ, ਸਕੂਲਾਂ, ਕਾਲਜਾਂ, ਹਸਪਤਾਲਾਂ, ਗਊਸ਼ਾਲਾਵਾਂ ਤੇ ਹੋਰਨਾਂ ਮਨੁੱਖੀ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ। ਸੁਆਮੀ ਸੰਤ ਜ਼ੋਰਾ ਸਿੰਘ 3 ਦਸੰਬਰ 2005 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਨਿਰੰਕਾਰ ਦੇ ਦੇਸ਼ ’ਚ ਜਾ ਵਸੇ। ਸੁਆਮੀ ਸੰਤ ਜ਼ੋਰਾ ਸਿੰਘ ਨੇ ਬ੍ਰਹਮਲੀਨ ਹੋਣ ਤੋਂ ਪੰਜ ਸਾਲ ਪਹਿਲਾਂ ਹੀ ਸੰਗਤਾਂ ਦੀ ਹਾਜ਼ਰੀ ’ਚ ਆਪਣੇ ਹੋਣਹਾਰ, ਬਿੰਦੀ ਸਪੁੱਤਰ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਨੂੰ ਸੰਪਰਦਾਇ ਦਾ ਗੱਦੀ ਨਸ਼ੀਨ ਥਾਪ ਦਿੱਤਾ। ਸੁਆਮੀ ਸੰਤ ਜ਼ੋਰਾ ਸਿੰਘ ਦੇ ਹੁਕਮਾਂ ਅਨੁਸਾਰ ਪੰਜਾਬ ਦੀਆਂ ਧਾਰਮਿਕ ਸੰਪਰਦਾਵਾਂ, ਸੰਸਥਾਵਾਂ, ਸਮੁੱਚੀਆਂ ਰਾਜਨੀਤਕ ਪਾਰਟੀਆਂ, ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਥਾਪੜੇ ਅਤੇ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਦੇ ਪਿਆਰ ਅਤੇ ਸ਼ਰਧਾ ਸਦਕਾ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਅੱਜ ਵੀ ਭਗਤੀ ਰੂਪੀ ਰੌਸ਼ਨੀਆਂ ਵੰਡ ਕੇ ਮਨੁੱਖਤਾ ਦਾ ਉਧਾਰ ਕਰ ਰਹੇ ਹਨ।
ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦੀ ਅਗਵਾਈ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਸੁਆਮੀ ਸੰਤ ਜ਼ੋਰਾ ਸਿੰਘ ਜੀ ਦੀ 20ਵੀਂ ਸਾਲਾਨਾ ਬਰਸੀ 22 ਨਵੰਬਰ ਸ਼ਨੀਵਾਰ ਨੂੰ ਸੰਤ ਆਸ਼ਰਮ ਦਰਬਾਰ ਸੰਪਰਦਾਇ ਲੋਪੋਂ (ਮੋਗਾ) ਵਿਖੇ ਮਨਾ ਰਹੀਆਂ ਹਨ। ਇਸ ਸਮਾਗਮ ਸਬੰਧੀ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਅਖੰਡ ਪਾਠਾਂ ਦੀਆਂ 13 ਲੜੀਆਂ ਦੇ ਗੁਰਬਾਣੀ ਪ੍ਰਵਾਹਾਂ ਦੇ ਭੋਗ 22 ਨਵੰਬਰ ਨੂੰ ਨਿਰਵਿਘਨਤਾ ਸਹਿਤ ਪਾਏ ਜਾਣਗੇ। ਇਸ ਮੌਕੇ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਦਰਬਾਰ ਸੰਪਰਦਾਇ ਦੇ ਹਜ਼ੂਰੀ ਕਵੀਸ਼ਰੀ ਜਥੇ ਇਤਿਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਸੰਪਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਦੀ ਕਥਾ ਅਤੇ ਅਮੋਲਕ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਇਸ ਮੌਕੇ ਦੇਸ਼-ਵਿਦੇਸ਼ ਦੀਆਂ ਲੱਖਾਂ ਦੀ ਤਦਾਦ ’ਚ ਸੰਗਤਾਂ, ਧਾਰਮਿਕ ਸ਼ਖਸ਼ੀਅਤਾਂ, ਰਾਜਨੀਤਕ ਹਸਤੀਆਂ, ਇਸ ਪਵਿੱਤਰ ਧਰਤੀ ਦੀ ਜੂਹ ਨੂੰ ਨਮਸਕਾਰ ਕਰਦੀਆਂ ਹੋਈਆਂ, ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀਆਂ ਭੇਟ ਕਰਨਗੀਆਂ।