ਕਿਤਾਬਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ
Publish Date: Tue, 09 Dec 2025 03:10 PM (IST)
Updated Date: Tue, 09 Dec 2025 03:12 PM (IST)

ਅਵਤਾਰ ਸਿੰਘ ਪੰਜਾਬੀ ਜਾਗਰਣ ਅਜੀਤਵਾਲ : ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਚ ਬੱਚਿਆਂ ਨੂੰ ਕਿਤਾਬਾਂ ਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਤਾਬਾਂ ਸਿਰਫ਼ ਗਿਆਨ ਦਾ ਖਜ਼ਾਨਾ ਹੀ ਨਹੀਂ, ਬਲਕਿ ਮਨੁੱਖੀ ਸੋਚ, ਕਲਪਨਾ ਅਤੇ ਨਿੱਜੀ ਵਿਕਾਸ ਦਾ ਸਭ ਤੋਂ ਵੱਡਾ ਸਰੋਤ ਹਨ। ਸੈਸ਼ਨ ਵਿਚ ਬੱਚਿਆਂ ਨੂੰ ਦੱਸਿਆ ਗਿਆ ਕਿ ਨਿਯਮਿਤ ਪਾਠ ਕਰਨਾ ਮਨ ਨੂੰ ਸ਼ਾਂਤ ਕਰਦਾ ਹੈ, ਸ਼ਬਦ ਭੰਡਾਰ ਨੂੰ ਵਧਾਉਂਦਾ ਹੈ ਅਤੇ ਵਿਦਿਆਰਥੀਆਂ ਦੀ ਬੌਧਿਕ ਸਮਰੱਥਾ ਵਿਚ ਲਾਭਕਾਰੀ ਵਾਧਾ ਲਿਆਉਂਦਾ ਹੈ। ਕਲਾਸਾਂ ਵਿਚ ਵੱਖ–ਵੱਖ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਨਾਲ ਬੱਚਿਆਂ ਨੂੰ ਵੱਖਰੇ ਕਿਸਮ ਦੇ ਸਾਹਿਤ ਕਹਾਣੀਆਂ, ਜੀਵਨੀਆਂ, ਧਾਰਮਿਕ ਗ੍ਰੰਥ ਅਤੇ ਵਿਗਿਆਨਕ ਕਿਤਾਬਾਂ ਨਾਲ ਜਾਣੂ ਕਰਵਾਇਆ ਗਿਆ। ਅਧਿਆਪਕਾਂ ਨੇ ਬੱਚਿਆਂ ਨੂੰ ਰੋਜ਼ਾਨਾ ਘੱਟੋ-ਘੱਟ ਕੁਝ ਸਮਾਂ ਕਿਤਾਬਾਂ ਨਾਲ ਬਤੀਤ ਕਰਨ ਲਈ ਪ੍ਰੇਰੀਤ ਕੀਤਾ ਅਤੇ ਦੱਸਿਆ ਕਿ ਕਿਤਾਬਾਂ ਜੀਵਨ ਵਿਚ ਸਹੀ ਦਿਸ਼ਾ ਦਿਖਾਉਂਦੀਆਂ ਹਨ। ਇਸ ਮੌਕੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ੍ਰੈਆ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਵੱਲੋਂ ਇਹ ਜਾਣਕਾਰੀ ਸੈਸ਼ਨ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਅਤੇ ਉਨ੍ਹਾਂ ਵਿਚ ਪੜ੍ਹਨ ਦੀ ਰੁਚੀ ਜਗਾਉਣ ਵਾਸਤੇ ਬਹੁਤ ਹੀ ਲਾਭਕਾਰੀ ਕਦਮ ਵਜੋਂ ਮੰਨਿਆ ਗਿਆ।