ਹਰਮਨਪ੍ਰੀਤ ਦੀ ਕਾਮਯਾਬੀ ਦੇ ਪਿੱਛੇ ਉਸ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਜ਼ਿਆਦਾ ਮਜ਼ਬੂਤ ਨਹੀਂ ਸੀ। ਕਈ ਵਾਰ ਕ੍ਰਿਕਟ ਦਾ ਸਾਮਾਨ ਖਰੀਦਣਾ ਵੀ ਮੁਸ਼ਕਲ ਹੋ ਜਾਂਦਾ ਸੀ, ਪਰ ਧੀ ਦੇ ਸੁਪਨਿਆਂ ਨੂੰ ਕਦੇ ਟੁੱਟਣ ਨਹੀਂ ਦਿੱਤਾ ਗਿਆ। ਉਸ ਦੀ ਮਾਤਾ ਨੇ ਵੀ ਸਮਾਜ ਦੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾਂ ਹਮੇਸ਼ਾਂ ਆਪਣੀ ਧੀ ਦਾ ਹੌਸਲਾ ਵਧਾਇਆ।

ਵਕੀਲ ਮਹਿਰੋਂ, ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ,ਮੋਗਾ। ਕਹਿੰਦੇ ਹਨ ਕਿ ਹੋਣਹਾਰ ਬੱਚਿਆਂ ਦੀ ਕਾਬਲੀਅਤ ਬਚਪਨ ਤੋਂ ਹੀ ਦਿਖਣ ਲੱਗ ਪੈਂਦੀ ਹੈ ਅਤੇ ਮੋਗਾ ਦੀ ਧੀ ਹਰਮਨਪ੍ਰੀਤ ਕੌਰ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ। ਨਿੱਕੀ ਉਮਰ ਵਿੱਚ ਹੀ ਹੱਥ ਵਿੱਚ ਬੱਲਾ ਫੜ ਕੇ ਮੈਦਾਨ ਵਿੱਚ ਉਤਰਣ ਵਾਲੀ ਹਰਮਨ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵਜੋਂ ਦੇਸ਼ ਦਾ ਮਾਣ ਬਣ ਚੁੱਕੀ ਹੈ। ਹਰਮਨਪ੍ਰੀਤ ਕੌਰ ਨੂੰ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਿਵਲ ਇਨਵੈਸਟੀਚਰ ਸਮਾਰੋਹ ਦੌਰਾਨ ਪਦਮ ਸ਼੍ਰੀ ਸਨਮਾਨ ਨਾਲ ਨਿਵਾਜਿਆ ਗਿਆ। ਰਾਸ਼ਟਰਪਤੀ ਵੱਲੋਂ ਇਹ ਸਨਮਾਨ ਭਾਰਤੀ ਮਹਿਲਾ ਕ੍ਰਿਕਟ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ।
ਉਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਉਸ ਨੂੰ ਰਣਜੀਤ ਸਿੰਘ ਖੇਡ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮੋਗਾ ਸ਼ਹਿਰ ਵਿੱਚ ਇਸ ਉਪਲਬਧੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਹਰਮਨਪ੍ਰੀਤ ਕੌਰ ਦਾ ਕ੍ਰਿਕਟ ਸਫਰ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਖੇਡ ਮੈਦਾਨ ਤੋਂ ਸ਼ੁਰੂ ਹੋਇਆ ਸੀ। ਬਚਪਨ ਤੋਂ ਹੀ ਉਸ ਦੇ ਅੰਦਰ ਕ੍ਰਿਕਟ ਪ੍ਰਤੀ ਬੇਅੰਤ ਜਜ਼ਬਾ ਅਤੇ ਜਿੱਤਣ ਦੀ ਲਗਨ ਸੀ। ਉਸ ਦੇ ਪਿਤਾ ਖੇਡਾਂ ਦੇ ਸ਼ੌਕੀਨ ਸਨ ਅਤੇ ਜਦੋਂ ਵੀ ਉਹ ਆਪਣੇ ਦੋਸਤਾਂ ਨਾਲ ਮੈਦਾਨ ਵਿੱਚ ਜਾਂਦੇ ਤਾਂ ਹਰਮਨ ਨੂੰ ਵੀ ਨਾਲ ਲੈ ਜਾਂਦੇ। ਮੈਦਾਨ ਵਿੱਚ ਉਸ ਦੀ ਖੇਡ ਦੇਖ ਕੇ ਲੋਕਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਇਹ ਬੱਚੀ ਇੱਕ ਦਿਨ ਵੱਡਾ ਨਾਮ ਬਣੇਗੀ।
ਹਰਮਨਪ੍ਰੀਤ ਦੀ ਬਚਪਨ ਦੀ ਸਾਥਣ ਪਰਵੀਨ ਖਾਨ ਨੇ ਦੱਸਿਆ ਕਿ ਉਹਨਾਂ ਨੇ ਕਈ ਸਾਲ ਇਕੱਠੇ ਅਭਿਆਸ ਕੀਤਾ। ਹਰਮਨ ਦੇ ਅੰਦਰ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦੀ ਲਾਲਸਾ ਸੀ। ਉਹ ਹਰ ਮੈਚ ਜਿੱਤਣ ਦੀ ਗੱਲ ਕਰਦੀ ਸੀ ਅਤੇ ਕ੍ਰਿਕਟ ਲਈ ਉਸ ਦਾ ਜਨੂੰਨ ਦਿਨੋਂ-ਦਿਨ ਵਧਦਾ ਗਿਆ। ਸਮੇਂ ਦੇ ਨਾਲ ਉਹ ਪੂਰੀ ਤਰ੍ਹਾਂ ਖੇਡ ਨੂੰ ਸਮਰਪਿਤ ਹੋ ਗਈ ਅਤੇ ਉਸ ਦੇ ਸੁਪਨੇ ਹੋਰ ਵੱਡੇ ਹੁੰਦੇ ਗਏ।
ਹਰਮਨਪ੍ਰੀਤ ਦੀ ਕਾਮਯਾਬੀ ਦੇ ਪਿੱਛੇ ਉਸ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਜ਼ਿਆਦਾ ਮਜ਼ਬੂਤ ਨਹੀਂ ਸੀ। ਕਈ ਵਾਰ ਕ੍ਰਿਕਟ ਦਾ ਸਾਮਾਨ ਖਰੀਦਣਾ ਵੀ ਮੁਸ਼ਕਲ ਹੋ ਜਾਂਦਾ ਸੀ, ਪਰ ਧੀ ਦੇ ਸੁਪਨਿਆਂ ਨੂੰ ਕਦੇ ਟੁੱਟਣ ਨਹੀਂ ਦਿੱਤਾ ਗਿਆ। ਉਸ ਦੀ ਮਾਤਾ ਨੇ ਵੀ ਸਮਾਜ ਦੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾਂ ਹਮੇਸ਼ਾਂ ਆਪਣੀ ਧੀ ਦਾ ਹੌਸਲਾ ਵਧਾਇਆ।
ਅੱਜ ਜਦੋਂ ਪੂਰੀ ਦੁਨੀਆ ਹਰਮਨਪ੍ਰੀਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸ਼ਾਨ ਵਜੋਂ ਵੇਖਦੀ ਹੈ ਤਾਂ ਮੋਗਾ ਦੇ ਲੋਕ ਮਾਣ ਨਾਲ ਭਰ ਜਾਂਦੇ ਹਨ। ਹਰਮਨਪ੍ਰੀਤ ਦੀ ਸੰਘਰਸ਼ ਭਰੀ ਕਹਾਣੀ ਅੱਜ ਦੇਸ਼ ਦੀਆਂ ਕਰੋੜਾਂ ਧੀਆਂ ਲਈ ਪ੍ਰੇਰਣਾ ਬਣ ਚੁੱਕੀ ਹੈ।