ਪ੍ਰਾਇਮਰੀ ਸਕੂਲ ਬਣਿਆ ਸੂਬੇ ਦਾ ਬੈਸਟ ਰਾਈਟਿੰਗ ਮਾਡਲ ਸਕੂਲ
ਸਰਕਾਰੀ ਪ੍ਰਾਇਮਰੀ ਸਕੂਲ ਭੀਮ
Publish Date: Wed, 10 Dec 2025 04:59 PM (IST)
Updated Date: Wed, 10 Dec 2025 05:00 PM (IST)

- ਬੱਚਿਆਂ ਦੀ ਲਿਖਤ ਟਾਈਪ ਕੀਤੀ ਵਰਗੀ, ਜ਼ਿਲ੍ਹਾ ਪੱਧਰ ’ਤੇ ਲਗਾਤਾਰ ਪਹਿਲਾ ਸਥਾਨ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਸਰਕਾਰੀ ਪ੍ਰਾਇਮਰੀ ਸਕੂਲ ਭੀਮ ਨਗਰ ਨੇ ਸਿੱਖਿਆ ਅਤੇ ਲਿਖਤ-ਕਲਾ ਦੇ ਖੇਤਰ ਵਿਚ ਵਧੀਆ ਉਪਰਾਲਾ ਕੀਤਾ ਹੈ, ਜੋ ਦੇਖਣ ਵਾਲਿਆਂ ਲਈ ਮਿਸਾਲ ਬਣ ਚੁੱਕਾ ਹੈ। ਇਸ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਲਿਖਤ ਸੁੰਦਰ ਅਤੇ ਸਾਫ਼ ਹੈ ਕਿ ਵੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ 3-4 ਸਾਲਾਂ ਤੋਂ ਇਹ ਸਕੂਲ ਜ਼ਿਲ੍ਹਾ ਪੱਧਰੀ ਲਿਖਣ ਮੁਕਾਬਲਿਆਂ ਵਿਚ ਲਗਾਤਾਰ ਪਹਿਲਾ ਸਥਾਨ ਹਾਸਲ ਕਰ ਰਿਹਾ ਹੈ, ਜਿਸ ਕਾਰਨ ਇਸ ਦੀ ਪਛਾਣ ਹੁਣ ਬੈਸਟ ਰਾਈਟਿੰਗ ਮਾਡਲ ਸਕੂਲ ਵਜੋਂ ਹੋਣ ਲੱਗੀ ਹੈ। ਇਸ ਸਕੂਲ ਵਿਚ ਇਸ ਵੇਲੇ ਲਗਪਗ 500 ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਵਿਚੋਂ 210 ਬੱਚਿਆਂ ਦੀ ਹੈਂਡਰਾਈਟਿੰਗ ਬੇਹੱਦ ਖੂਬਸੂਰਤ ਹੈ। ਇਹ ਸਫਲਤਾ ਅਧਿਆਪਕਾਂ ਸਪਿੰਦਰ ਕੌਰ, ਸਤਿੰਦਰ ਕੁਮਾਰ, ਕ੍ਰਿਤੀ ਕਪੂਰ ਅਤੇ ਸੈਂਟਰ ਹੈੱਡ ਡਾ. ਮਨੂ ਦੀ ਲਗਾਤਾਰ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਲਿਖਤ ਸੁਧਾਰਨ ਲਈ ਸਕੂਲ ਦੇ ਅਧਿਆਪਕਾਂ ਨੇ ਇਕ ਵਿਲੱਖਣ ਤਰੀਕਾ ਅਪਣਾਇਆ ਹੈ। ਪੰਜਾਬੀ ਵਰਣਮਾਲਾ ਨੂੰ 5-5 ਅੱਖਰਾਂ ਦੇ ਗਰੁੱਪਾਂ ਵਿਚ ਵੰਡ ਕੇ ਉਸਦੀ ਨਿਯਮਿਤ ਪ੍ਰੈਕਟਿਸ ਕਰਵਾਈ ਗਈ। ਇਸ ਨਾਲ ਬੱਚੇ ਲੰਮੇ ਵਾਕ ਲਿਖਣ ਤੋਂ ਕਤਰਾਉਂਦੇ ਨਹੀਂ ਸਨ ਅਤੇ ਬੋਰ ਵੀ ਨਹੀਂ ਹੁੰਦੇ ਸਨ। ਹੌਲੀ-ਹੌਲੀ ਬੱਚਿਆਂ ਦੀ ਧਿਆਨ-ਕੇਂਦਰਤਾ ਵਧਦੀ ਗਈ ਅਤੇ ਹੁਣ ਉਹ ਲੰਮੇ ਵਾਕ ਵੀ ਬਿਨ੍ਹਾਂ ਗਲਤੀ ਦੇ ਖੂਬਸੂਰਤੀ ਨਾਲ ਲਿਖਣ ਲੱਗ ਪਏ ਹਨ। ਇਸ ਮੌਕੇ ਸਤਿੰਦਰ ਕੁਮਾਰ ਅਤੇ ਕ੍ਰਿਤੀ ਕਪੂਰ ਨੇ ਦੱਸਿਆ ਕਿ ਸਿਰਫ਼ 10 ਦਿਨ ਦੀ ਨਿਯਮਿਤ ਪ੍ਰੈਕਟਿਸ ਨਾਲ ਹੀ ਬੱਚੇ ਦੀ ਲਿਖਤ ਵਿੱਚ ਸਪੱਸ਼ਟ ਨਿਖਾਰ ਆ ਜਾਂਦਾ ਹੈ। ਲਿਖਤ ਦੇ ਨਤੀਜਿਆਂ ਨੂੰ ਨਿਗਰਾਨੀ ਹੇਠ ਰੱਖਣ ਲਈ ਬੱਚਿਆਂ ਦੀਆਂ ਨੋਟਬੁੱਕਾਂ ਲਗਾਤਾਰ ਚੈੱਕ ਕੀਤੀਆਂ ਗਈਆਂ, ਜਿਸ ਨਾਲ ਉਹ ਆਪਣੀ ਗਲਤੀ ਨੂੰ ਸਮੇਂ ‘ਤੇ ਸੁਧਾਰਦੇ ਗਏ ਤੇ ਲਿਖਤ ਹੋਰ ਸ਼ਾਨਦਾਰ ਬਣਦੀ ਗਈ। ਇਸ ਨਾਲ ਸਪੱਸ਼ਟ ਹੈ ਕਿ ਸਕੂਲ ਦਾ ਸਿੱਖਿਆ ਪ੍ਰਤੀ ਰੁਝਾਨ ਸਿਰਫ਼ ਕਾਪੀ-ਪੁਸਤਕ ਤਕ ਸੀਮਤ ਨਹੀਂ, ਸਗੋਂ ਬੱਚਿਆਂ ਦੀਆਂ ਕੁਸ਼ਲਤਾਵਾਂ ਦਾ ਸਰਵਪੱਖੀ ਵਿਕਾਸ ਵੀ ਇਸਦਾ ਮੂਲ ਉਦੇਸ਼ ਹੈ। ਇਸ ਸਕੂਲ ਦੀ ਇਸ ਉਪਲਬਧੀ ਲਈ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਵੀ ਦਿੱਤਾ ਗਿਆ ਹੈ, ਜੋ ਇਸ ਦੀ ਮਹਿਨਤ ਨੂੰ ਸਲਾਮ ਕਰਦਾ ਹੈ। ਪਿਛਲੇ ਸਾਲ ਇਕ ਸਮਾਗਮ ਦੌਰਾਨ ਜਦੋਂ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਬਲੈਕਬੋਰਡ ’ਤੇ ਸੁੰਦਰ ਲਿਖਤ ਨਾਲ ਕੰਮ ਕਰਦੇ ਦੇਖਿਆ ਤਾਂ ਉਹ ਵੀ ਬਹੁਤ ਪ੍ਰਭਾਵਿਤ ਹੋਏ। ਉਸ ਦਿਨ ਤੋਂ ਹੀ ਇਹ ਸਕੂਲ ਪੂਰੇ ਖੇਤਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਇਸ ਮੌਕੇ ਵਿਦਿਆਰਥਣਾਂ ਸੰਜਨਾ, ਅਮਨਦੀਪ ਕੌਰ, ਰੁਚੀ ਅਤੇ ਰੁਪਾਲੀ ਨੇਂ ਦੱਸਿਆ ਕਿ ਸਕੂਲ ਵਿਚ ਲਗਾਤਾਰ ਲਿਖਤ, ਪੇਂਟਿੰਗ ਅਤੇ ਪੋਸਟਰ ਮੇਕਿੰਗ ਦੀ ਪ੍ਰੈਕਟਿਸ ਕਰਵਾਈ ਗਈ, ਜਿਸ ਨਾਲ ਉਨ੍ਹਾਂ ਦੀ ਲਿਖਤ ਨਾ ਸਿਰਫ਼ ਸੁੰਦਰ ਹੋਈ।