ਉਹ ਮੁੱਢਲੇ ਤੌਰ ’ਤੇ ਨਵਾਂਸ਼ਹਿਰ ਨਾਲ ਸਬੰਧ ਰੱਖਦੇ ਸਨ। ਜਦੋਂ ਅਮਰੀਸ਼ ਪੁਰੀ ਦੇ ਪਿਤਾ ਡਗਰੂ ਰੇਲਵੇ ਸਟੇਸ਼ਨ ‘ਤੇ ਸਟੇਸ਼ਨ ਮਾਸਟਰ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਤਾਂ ਸੁਭਾਵਿਕ ਤੌਰ ਤੇ ਲੋਕਾਂ ਦੇ ਅਮਰੀਸ਼ ਪੁਰੀ ਵੀ ਇਥੇ ਖੇਡਦੇ ਰਹੇ ਹੋਣਗੇ।

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ , ਘੱਲ ਕਲਾਂ (ਮੋਗਾ): ਮੋਗਾ ਜ਼ਿਲ੍ਹੇ 'ਚ ਪੈਂਦਾ ਡਗਰੂ ਰੇਲਵੇ ਸਟੇਸ਼ਨ ਆਪਣੀ ਬੁੱਕਲ ਵਿਚ ਵੱਡੀਆਂ ਇਤਿਹਾਸਕ ਯਾਦਾਂ ਸਮੋਈ ਬੈਠਾ ਹੈ। ਲੋਕਾਂ ਮੁਤਾਬਕ ਫਿਲਮ ਜਗਤ ਦੇ ਨਾਮੀ ਅਦਾਕਾਰ ਅਮਰੀਸ਼ ਪੁਰੀ ਦੇ ਪਿਤਾ ਨਿਹਾਲ ਸਿੰਘ ਪੁਰੀ ਇਥੇ ਸਟੇਸ਼ਨ ਮਾਸਟਰ ਰਹਿ ਚੁੱਕੇ ਹਨ। ਉਹ ਮੁੱਢਲੇ ਤੌਰ ’ਤੇ ਨਵਾਂਸ਼ਹਿਰ ਨਾਲ ਸਬੰਧ ਰੱਖਦੇ ਸਨ। ਜਦੋਂ ਅਮਰੀਸ਼ ਪੁਰੀ ਦੇ ਪਿਤਾ ਡਗਰੂ ਰੇਲਵੇ ਸਟੇਸ਼ਨ ‘ਤੇ ਸਟੇਸ਼ਨ ਮਾਸਟਰ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਤਾਂ ਸੁਭਾਵਿਕ ਤੌਰ ਤੇ ਲੋਕਾਂ ਦੇ ਅਮਰੀਸ਼ ਪੁਰੀ ਵੀ ਇਥੇ ਖੇਡਦੇ ਰਹੇ ਹੋਣਗੇ। ਉਨ੍ਹਾਂ ਦੁਆਰਾ ਪਾਈਆਂ ਪੈੜਾਂ ਦੀ ਖੁਸ਼ਬੂ ਅਤੇ ਮਹਿਕ ਨੂੰ ਇਸ ਧਰਤੀ ਦੀ ਗੋਦ ਵਿਚੋਂ ਸਹਿਜੇ ਹੀ ਅਨੁਭਵ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਇਤਿਹਾਸਕ ਨਜ਼ਰੀਏ ਤੋਂ ਇਸ ਦਿਹਾਤੀ ਰੇਲਵੇ ਸਟੇਸ਼ਨ ਦੀ ਵੱਡੀ ਅਹਿਮੀਅਤ ਸਮਝੀ ਜਾ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ ਰੇਲਵੇ ਵਿਭਾਗ ਨੇ ਅੰਗਰੇਜ਼ਾਂ ਦੇ ਸ਼•ਾਸਨ ਕਾਲ 'ਚ ਬਣੀ ਪੁਰਾਣੀ ਇਮਾਰਤ ਨੂੰ ਢਾਹਿਆ ਨਹੀਂ ਬਲਕਿ ਸਮੇਂ ਦੀ ਲੋੜ ਅਨੁਸਾਰ ਨਵੀਂ ਇਮਾਰਤ ਦੀ ਉਸਾਰੀ ਕਰਕੇ ਪੁਰਾਣੀ ਇਮਾਰਤ ਨੂੰ ਬੰਦ ਕੀਤਾ ਹੋਇਆ ਹੈ।
ਬਾਰਤਾਨਵੀ ਸ਼ਾਸਨ ਕਾਲ ਵੇਲੇ ਪਹਿਲਾਂ ਪਹਿਲ ਰੇਲ ਗੱਡੀ ਦਿੱਲੀ ਤੋਂ ਲੁਧਿਆਣਾ ਤੱਕ ਚਲਦੀ ਰਹੀ ਹੈ। ਅੱਗੇ ਚੱਲ ਕੇ ਇਸ ਦਾ ਵਿਸਥਾਰ ਮੋਗਾ ਤੱਕ ਕੀਤਾ ਗਿਆ। ਮੋਗਾ ਮੰਡੀ ਨੇ ਉਸ ਸਮੇਂ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਸੀ। ਚਾਹ ਦੀ ਵੱਡੀ ਮੰਡੀ ਵਜੋਂ ਮੋਗਾ ਨੇ ਆਪਣੀ ਪਛਾਣ ਸਥਾਪਿਤ ਕਰ ਲਈ ਸੀ। ਮੋਗਾ ਚਾਹ ਜੋਗਾ ਅਖਾਣ ਵੀ ਇਸ ਪ੍ਰਸੰਗ ਵਿਚ ਚਰਚਿਤ ਹੋਇਆ ਦੱਸਿਆ ਜਾਂਦਾ ਹੈ। ਵਪਾਰਕ ਨਜ਼ਰੀਏ ਕਾਰਨ ਇਸ ਰੇਲਵੇ ਲਾਈਨ ਦਾ ਵਿਸਥਾਰ ਲਾਹੌਰ ਸ਼ਹਿਰ ਤੱਕ ਵਿਛਾਈ ਗਈ। ਲਾਹੌਰ ਸ਼ਹਿਰ ਪੁਰਾਣੇ ਪੰਜਾਬ ਦੀ ਰਾਜਧਾਨੀ ਵੀ ਸੀ ਅਤੇ ਉੱਤਰੀ ਭਾਰਤ ਦਾ ਅਹਿਮ ਸ਼ਹਿਰ ਵੀ ਸੀ। ਉਸ ਸਮੇਂ ਤੋਂ ਹੀ ਡਗਰੂ ਵਿਖੇ ਰੇਲ ਗੱਡੀ ਰੁਕਦੀ ਆਈ ਹੈ ਜੋ ਕਿ ਹੁਣ ਤੱਕ ਵੀ ਬਾਦਸਤੂਰ ਜਾਰੀ ਹੈ।
---
ਇਮਾਰਤ ਨੂੰ ਪੁਰਾਤਨ ਵਿਰਾਸਤ ਵਜੋਂ ਸਾਂਭਣ ਦੀ ਮੰਗ
ਰੇਲਵੇ ਵਿਭਾਗ ਦੇ ਰਿਕਾਰਡ ਅਨੁਸਾਰ ਡਗਰੂ ਦੀ ਪੁਰਾਣੀ ਇਮਾਰਤ 1937 ਵਿਚ ਤਾਮੀਰ ਕੀਤੀ ਗਈ ਦੱਸੀ ਜਾਂਦੀ ਹੈ। ਡਗਰੂ ਸਟੇਸ਼ਨ ਬਾਰੇ ਵਿਸਥਾਰਤ ਜਾਣਕਾਰੀ ਇਥੋਂ ਦੇ ਹਰਜਿੰਦਰ ਸਿੰਘ, ਹਰਫੂਲ ਸਿੰਘ, ਤੇਜਾ ਸਿੰਘ ਅਤੇ ਗੁਰਚਰਨ ਸਿੰਘ ਨੇ ਸਾਂਝੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੋਗਾ ਤੋਂ ਅਗਲਾ ਸਟੇਸ਼ਨ ਘੱਲ ਕਲਾਂ ਹੈ, ਇਸ ਰੇਲਵੇ ਸਟੇਸ਼ਨ ਦੀ ਪੁਰਾਣੀ ਇਮਾਰਤ ਖਸਤਾ ਹਾਲ ਹੋਣ ਕਾਰਨ ਢਾਹ ਕੇ ਨਵੀਂ ਉਸਾਰੀ ਗਈ ਹੈ। ਪਰ ਡਗਰੂ ਦੀ ਇਤਿਹਾਸਕ ਇਮਾਰਤ ਅਜੇ ਵੀ ਜਿਉਂ ਦੀ ਤਿਉਂ ਖੜ੍ਹੀ ਹੋਣ ਆਪਣੀ ਤਵਾਰੀਖ ਸਾਂਭੀ ਬੈਠੀ ਹੈ। ਇਲਾਕੇ ਦੇ ਲੋਕਾਂ ਨੇ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਕੋਲੋਂ ਮੰਗ ਕੀਤੀ ਹੈ ਕਿ ਇਸ ਇਮਾਰਤ ਨੂੰ ਪੁਰਾਤਨ ਵਿਰਾਸਤ ਵਜੋਂ ਸੰਭਾਲਿਆ ਜਾਵੇ ਤਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਰਹੇ।