ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕਰਦਿਆਂ ਬਿਨਾਂ ਦੇਰੀ ਕੀਤੇ ਆਪਣੀਆਂ ਦੋਵੇਂ ਐਮਰਜੈਂਸੀ ਗੱਡੀਆਂ ਮੌਕੇ ‘ਤੇ ਭੇਜੀਆਂ। ਸੁਸਾਇਟੀ ਦੇ ਮੈਂਬਰਾਂ ਨੇ ਜ਼ਖਮੀਆਂ ਨੂੰ ਸਾਵਧਾਨੀ ਨਾਲ ਉਠਾ ਕੇ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਵਕੀਲ ਮਹਿਰੋਂ ਮੋਗਾ : ਮੋਗਾ–ਲੁਧਿਆਣਾ ਮੁੱਖ ਮਾਰਗ ‘ਤੇ ਸਥਿਤ ਸਟੇਡੀਅਮ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਤੇਜ਼ ਰਫ਼ਤਾਰ ਨਾਲ ਆ ਰਹੀਆਂ ਤਿੰਨ ਕਾਰਾਂ ਅਚਾਨਕ ਆਪਸ ਵਿੱਚ ਜ਼ਬਰਦਸਤ ਤਰੀਕੇ ਨਾਲ ਟਕਰਾਈਆਂ। ਇਹ ਟੱਕਰ ਇੰਨੀ ਜ਼ਿਆਦਾ ਸੀ ਕਿ ਇੱਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਗੋਲਗੱਪੇ ਵਾਲੀ ਰੇੜੀ ਵਿੱਚ ਜਾ ਵੱਜੀ।
ਹਾਦਸੇ ਸਮੇਂ ਰੇੜੀ ‘ਤੇ ਕੰਮ ਕਰ ਰਹੇ ਤਿੰਨ ਵਿਅਕਤੀ ਕਾਰ ਦੀ ਚਪੇਟ ‘ਚ ਆ ਗਏ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ‘ਤੇ ਲੋਕਾਂ ‘ਚ ਅਫ਼ਰਾਤਫ਼ਰੀ ਮਚ ਗਈ। ਕੁਝ ਪਲਾਂ ਲਈ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ ਅਤੇ ਰਾਹਗੀਰਾਂ ਵੱਲੋਂ ਤੁਰੰਤ ਮਦਦ ਲਈ ਅੱਗੇ ਆਇਆ ਗਿਆ।
ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕਰਦਿਆਂ ਬਿਨਾਂ ਦੇਰੀ ਕੀਤੇ ਆਪਣੀਆਂ ਦੋਵੇਂ ਐਮਰਜੈਂਸੀ ਗੱਡੀਆਂ ਮੌਕੇ ‘ਤੇ ਭੇਜੀਆਂ। ਸੁਸਾਇਟੀ ਦੇ ਮੈਂਬਰਾਂ ਨੇ ਜ਼ਖਮੀਆਂ ਨੂੰ ਸਾਵਧਾਨੀ ਨਾਲ ਉਠਾ ਕੇ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਤੁਰੰਤ ਮੁਆਇਨਾ ਕੀਤਾ ਗਿਆ। ਜਾਂਚ ਤੋਂ ਬਾਅਦ ਦੋ ਵਿਅਕਤੀਆਂ ਦੀਆਂ ਸੱਟਾਂ ਬਹੁਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਦੇ ਇਲਾਜ ਲਈ ਨਿਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਜਦਕਿ ਤੀਸਰੇ ਵਿਅਕਤੀ ਨੂੰ ਡਾਕਟਰਾਂ ਨੇ ਚੈਕ ਕਰਨ ਉਪਰੰਤ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਟੁੱਟੀਆਂ ਹੋਈਆਂ ਗੱਡੀਆਂ ਨੂੰ ਸੜਕ ਤੋਂ ਹਟਵਾ ਕੇ ਟ੍ਰੈਫਿਕ ਨੂੰ ਹੌਲੀ-ਹੌਲੀ ਨਾਰਮਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਤੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਝ ਨੌਜਵਾਨ ਰਾਹਗੀਰ ਗੋਲਗੱਪੇ ਖਾ ਰਹੇ ਸਨ। ਇਸ ਦੌਰਾਨ ਦੂਜੇ ਪਾਸੇ ਤੋਂ ਲਾਲ ਬੱਤੀ ਹੋਣ ਦੇ ਬਾਵਜੂਦ ਇੱਕ ਵਾਹਨ ਤੇਜ਼ੀ ਨਾਲ ਆਇਆ ਅਤੇ ਸਿੱਧਾ ਰੇੜੀ ਵਿੱਚ ਜਾ ਵੱਜਿਆ।
ਉਹਨਾਂ ਦੱਸਿਆ ਕਿ ਟਕਰ ਇੰਨੀ ਭਿਆਨਕ ਸੀ ਕਿ ਰੇੜੀ ਕੋਲ ਖੜ੍ਹੇ ਕਰੀਬ 30 ਤੋਂ 35 ਸਾਲ ਉਮਰ ਦੇ ਨੌਜਵਾਨ, ਜੋ ਕਿ ਪੇਸ਼ੇ ਤੋਂ ਮਕੈਨਿਕ ਸੀ, ਨੂੰ ਗੰਭੀਰ ਸੱਟਾਂ ਲੱਗੀਆਂ। ਟਕਰ ਨਾਲ ਉਸ ਦੀਆਂ ਦੋਵੇਂ ਲੱਤਾਂ ਪੂਰੀ ਤਰ੍ਹਾਂ ਫ੍ਰੈਕਚਰ ਹੋ ਗਈਆਂ ਅਤੇ ਪੇਟ ਵਿੱਚ ਗੰਭੀਰ ਚੋਟਾਂ ਆਉਣ ਕਾਰਨ ਅੰਦਰੂਨੀ ਅੰਗਾਂ ਤੱਕ ਨੁਕਸਾਨ ਪਹੁੰਚਿਆ।
ਘਟਨਾ ਮੌਕੇ ਤੁਰੰਤ ਸਮਾਜ ਸੇਵਾ ਸੋਸਾਇਟੀ ਵੱਲੋਂ ਐਮਰਜੈਂਸੀ ਗੱਡੀ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ। ਨੌਜਵਾਨ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਤੁਰੰਤ ਉਸ ਨੂੰ ਮੈਡੀਸਿਟੀ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਗੋਲਗੱਪੇ ਦੀ ਰੇੜੀ ਲਗਾਉਣ ਵਾਲਾ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ, ਜਿਸ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਵਿੱਚ ਕੁੱਲ ਤਿੰਨ ਵਿਅਕਤੀ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਅਤੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਦਰਦਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ।