ਬਸਪਾ ਆਗੂ ਕੁਲਦੀਪ ਸਿੰਘ ਸਣੇ 3 ਖਿਲਾਫ਼ 50 ਲੱਖ ਦਾ ਮਾਣਹਾਨੀ ਦਾਅਵਾ ਦਾਇਰ
ਸਰਦੂਲਗੜ੍ਹ ਦੇ ਵਰਿੰਦਰ ਸਿੰਘ ਸੋਨੀ
Publish Date: Fri, 30 Jan 2026 07:52 PM (IST)
Updated Date: Sat, 31 Jan 2026 04:13 AM (IST)

ਬੁੱਧਰਾਮ ਬਾਂਸਲ, ਪੱਤਰ ਪ੍ਰੇਰਕ, ਸਰਦੂਲਗੜ੍ਹ : ਇੱਥੋਂ ਦੇ ਵਰਿੰਦਰ ਸਿੰਘ ਸੋਨੀ ਹਾਲ ਅਬਾਦ ਸਿਰਸਾ ਵੱਲੋਂ ਹਰਨਿੰਦਰ ਕੌਰ, ਉਸ ਦੇ ਭਰਾ ਹਰਸ਼ਦੀਪ ਸਿੰਘ ਤੇ ਬਸਪਾ ਆਗੂ ਕੁਲਦੀਪ ਸਿੰਘ ਖ਼ਿਲਾਫ਼ 50 ਲੱਖ ਰੁਪਏ ਦਾ ਮਾਣਹਾਨੀ ਦਾਅਵਾ ਅਦਾਲਤ ’ਚ ਦਾਇਰ ਕੀਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਰਿੰਦਰ ਸਿੰਘ ਅਤੇ ਉਸ ਦੇ ਵਕੀਲ ਗੁਰਿੰਦਰ ਪਾਲ ਸ਼ਰਮਾ ਨੇ ਕਰਦਿਆਂ ਕਿਹਾ ਕਿ ਸਾਲ 2024 ’ਚ ਹਰਨਿੰਦਰ ਕੌਰ ਨੇ ਕੁਲਦੀਪ ਸਿੰਘ ਨਾਲ ਮਿਲੀਭੁਗਤ ਕਰਕੇ ਵਰਿੰਦਰ ਸਿੰਘ ਤੇ ਉਸ ਦੇ ਪਰਿਵਾਰ ਖ਼ਿਲਾਫ਼ ਸਰਦੂਲਗੜ੍ਹ ਥਾਣੇ ਵਿੱਚ ਇੱਕ ਫਰਜ਼ੀ ਮਾਮਲਾ ਨੰਬਰ. 33 ਦਰਜ ਕਰਵਾਇਆ ਸੀ ਤੇ ਨਵੰਬਰ 2024 ’ਚ ਇਕ ਹੋਰ ਫਰਜ਼ੀ ਦਰਖਾਸਤ ਵੀ ਦਿੱਤੀ ਗਈ ਸੀ ਮਾਰਚ 2025 ਵਿੱਚ ਦੋਸ਼ੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ‘ਗੁਨਾਹੋਂ ਕਾ ਦੇਵਤਾ’ ਨਾਮ ਨਾਲ ਆਈਡੀਆਂ ਬਣਾਕੇ ਵਰਿੰਦਰ ਸਿੰਘ ਨੂੰ ਬਲੈਕਮੇਲ ਕਰਨ, ਬਦਨਾਮ ਕਰਨ ਤੇ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ ‘ਤੇ ਲਗਾਤਾਰ ਅਪਮਾਨਜਨਕ ਅਤੇ ਝੂਠੀਆਂ ਪੋਸਟਾਂ ਪਾ ਕੇ ਉਸ ਦੀ ਸਮਾਜਿਕ ਸਾਖ ਨੂੰ ਨੁਕਸਾਨ ਪਹੁੰਚਾਉਣ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੀ ਸਾਜ਼ਿਸ਼ ਰਚੀ। ਵਕੀਲ ਗੁਰਿੰਦਰ ਪਾਲ ਸ਼ਰਮਾ ਨੇ ਅੱਗੇ ਦੱਸਿਆ ਕਿ ਵਰਿੰਦਰ ਸਿੰਘ ਦੇ ਪਰਿਵਾਰ ਖਿਲਾਫ਼ ਦਰਜ ਮੁਕਦਮਾ ਨੰਬਰ. 33 ਅਦਾਲਤ ’ਚ ਪੂਰੀ ਤਰ੍ਹਾਂ ਫਰਜ਼ੀ ਸਾਬਤ ਹੋਇਆ ਤੇ ਮਾਣਯੋਗ ਅਦਾਲਤ ਵੱਲੋਂ 19 ਦਸੰਬਰ 2025 ਨੂੰ ਉਨ੍ਹਾਂ ਨੂੰ ਬਰੀ ਕਰ ਦਿੱਤਾ। ਗੁਨਾਹੋਂ ਕਾ ਦੇਵਤਾ ਸੋਸ਼ਲ ਮੀਡੀਆ ਆਈਡੀਆ ਨਾਲ ਇੱਜ਼ਤ ਨੂੰ ਹੋਏ ਨੁਕਸਾਨ ਅਤੇ ਮਾਨਸਿਕ ਪੀੜਾ ਦੇ ਮੱਦੇਨਜ਼ਰ ਹੁਣ ਤਿੰਨਾਂ ਖਿਲਾਫ਼ 50 ਲੱਖ ਰੁਪਏ ਦਾ ਮਾਣਹਾਨੀ ਦਾਅਵਾ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ ਅਤੇ ਮਾਨਯੋਗ ਅਦਾਲਤ ਵੱਲੋਂ ਨਿਆਂ ਮਿਲੇਗਾ ਅਤੇ ਸੱਚਾਈ ਦੀ ਜਿੱਤ ਹੋਵੇਗੀ। ਜਦੋਂ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਇਹ ਸਭ ਕੁਝ ਮੇਰਾ ਰਾਜਨੀਤਿਕ ਅਕਸ ਖਰਾਬ ਕਰਨ ਲਈ ਵਿਰੋਧੀਆਂ ਦੀ ਸ਼ਹਿ ਤੇ ਕੀਤਾ ਜਾ ਰਿਹਾ ਹੈ।