ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਤੋਂ ਲੋਕ ਦੁਖੀ
ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ ਨੂੰ
Publish Date: Thu, 08 Jan 2026 07:06 PM (IST)
Updated Date: Thu, 08 Jan 2026 07:09 PM (IST)
ਹਰਕ੍ਰਿਸ਼ਨ ਸ਼ਰਮਾ, ਪਜਾਬੀ ਜਾਗਰਣ
ਮਾਨਸਾ : ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਤਹਿਤ ਸਮੇਂ-ਸਮੇਂ ’ਤੇ ਸਖਤ ਹੁਕਮ ਕੀਤੇ ਜਾ ਰਹੇ ਹਨ। ਅਨੇਕਾਂ ਵਾਰ ਲੋਕਾਂ ਵੱਲੋਂ ਉੱਚ ਅਧਿਕਾਰੀਆਂ ਧਿਆਨ ’ਚ ਲਿਆਉਣ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਪ੍ਰਸ਼ਾਸਨ ਵੱਲੋਂ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਕਸਬਾ ਬਰੇਟਾ ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਇਸ ਕਾਰਨ ਬਰੇਟਾ ਮੰਡੀ ਵਿੱਚ ਨਗਰ ਕੌਂਸਲ ਬਰੇਟਾ ਵੱਲੋਂ ਮੇਨ ਬਾਜ਼ਾਰ ਅਤੇ ਨਾਲ ਲੱਗਦੀਆਂ ਗਲੀਆਂ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨ ਦੀ ਹਦੂਦ ਤੋਂ ਕਾਫ਼ੀ ਬਾਹਰ ਸਾਮਾਨ ਲਗਾਉਣ ਕਰ ਕੇ ਆਵਾਜਾਈ ਵਿੱਚ ਪੈ ਰਹੇ ਵਿਘਨ ਕਾਰਨ ਆਮ ਜਨਤਾ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ।
ਇਸ ਤੋਂ ਇਲਾਵਾ ਮੁੱਖ ਬਾਜ਼ਾਰ ਵਿਖੇ ਸਥਿਤ ਸ਼੍ਰੀ ਕ੍ਰਿਸ਼ਨਾ ਮੰਦਿਰ ਚੌਕ ਵਿੱਚ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ ਕਿਉਂਕਿ ਇਹ ਚੌਂਕ ਰੇਲਵੇ ਸਟੇਸ਼ਨ, ਕੁਲਰੀਆਂ ਰੋਡ, ਬੱਸ ਅੱਡਾ ਅਤੇ ਬੁਢਲਾਡਾ ਜਾਖਲ ਰੋਡ ਕੈਂਚੀਆਂ ਨੂੰ ਜੋੜਦਾ ਹੈ। ਇਸ ਚੌਂਕ ਵਿੱਚ ਟ੍ਰੈਫਿਕ ਕੰਟਰੋਲ ਕਰਨ ਦਾ ਕੋਈ ਯੋਗ ਪ੍ਰਬੰਧ ਨਹੀਂ, ਜਿਸ ਕਾਰਨ ਆਮ ਟ੍ਰੈਫਿਕ ’ਚ ਵਿਘਨ ਪੈਂਦਾ ਰਹਿੰਦਾ ਹੈ ਅਤੇ ਰੇਹੜੀਆਂ ਆਦਿ ਕਾਰਨ ਵੀ ਚੌਕ ਰੁਕਿਆ ਰਹਿਣ ਤੇ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਇਸ ਸਮੱਸਿਆ ਦਾ ਮਾਮਲਾ ਉਠਿਆ ਹੈ ਪਰ ਕੁੱਝ ਦਿਨ ਹੱਲ ਹੋ ਵੀ ਜਾਂਦਾ ਹੈ। ਕਿਸੇ ਸਿਆਸੀ ਦਖਲਅੰਦਾਜ਼ੀ ਕਾਰਨ ਫਿਰ ਢਿੱਲ ਵਰਤਦੇ ਹੋਏ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਆਮ ਜਨਤਾ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਟ੍ਰੈਫਿਕ ਸਮੱਸਿਆ ਦਾ ਤੁਰੰਤ ਹੱਲ ਕਰ ਕੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਵਾਏ ਜਾਣ ਅਤੇ ਰੇਹੜੀਆਂ ਵਾਲਿਆਂ ਲਈ ਯੋਗ ਥਾਂ ਦਾ ਪ੍ਰਬੰਧ ਕੀਤਾ ਜਾਵੇ।