ਟਰੈਕਟਰਾਂ ’ਤੇ ਉੱਚੀ ਆਵਾਜ਼ ਵਿੱਚ ਚਲਦੇ ਗੀਤਾਂ ਤੋਂ ਲੋਕ ਪਰੇਸ਼ਾਨ
ਸਥਾਨਕ ਸ਼ਹਿਰ ਤੇ ਇਲਾਕੇ ਦੀਆਂ ਸੜਕਾਂ ਦੇ
Publish Date: Thu, 08 Jan 2026 07:10 PM (IST)
Updated Date: Thu, 08 Jan 2026 07:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕਸਬਾ ਬਰੇਟਾ ’ਚ ਸੜਕਾਂ ’ਤੇ ਟਰੈਕਟਰਾਂ ’ਤੇ ਡੀਜੇ ਵਰਗੇ ਸਿਸਟਮ ਲਗਾ ਕੇ ਅਤੇ ਉਨ੍ਹਾਂ ਵਿੱਚ ਉੱਚੀ ਆਵਾਜ਼ ’ਚ ਗੀਤ ਚਲਾ ਲੋਕਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਇਸ ਸਬੰਧੀ ਸਹਿਯੋਗ ਕਲੱਬ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਅਸੀਂ ਬਰੇਟਾ ਪੁਲਿਸ ਨੂੰ ਅਨੇਕਾਂ ਵਾਰ ਜਾਣੂ ਕਰਵਾ ਚੁੱਕੇ ਹਾਂ ਪਰ ਫ਼ਿਰ ਵੀ ਪਰਨਾਲਾ ਜਿਉਂ ਦਾ ਤਿਉਂ ਹੈ। ਕਲੱਬ ਮੈਂਬਰਾਂ ਨੇ ਕਿਹਾ ਕਿ ਅਕਸਰ ਇਨ੍ਹਾਂ ਟਰੈਕਟਰਾਂ ਦੀ ਆਵਾਜ਼ ਇੰਨੀ ਉੱਚੀ ਹੁੰਦੀ ਹੈ ਕਿ ਟਰੈਕਟਰ ਪਿੱਛੇ ਆ ਰਹੇ ਕਿਸੇ ਵ੍ਹੀਕਲ ਦਾ ਹਾਰਨ ਤਕ ਸੁਣਾਈ ਨਹੀਂ ਦਿੱਤਾ। ਇਲਾਕੇ ਅੰਦਰ ਚੱਲਣ ਵਾਲੇ ਟਰੈਕਟਰ-ਟਰਾਲੀਆਂ ਤੇ ਉੱਚੀ ਆਵਾਜ਼ ਅਤੇ ਸ਼ੋਰ ਪ੍ਰਦੂਸ਼ਣ ਫਲਾਉਣ ਵਾਲੇ ਪੈਨ ਡਰਾਈਵ, ਡੈੱਕ ਡੀਜੇ ਵਰਗੇ ਵੱਡੇ ਵੱਡੇ ਸਪੀਕਰ ਆਦਿ ਵਾਲੇ ਯੰਤਰ ਲਗਾ ਕੇ ਨੌਜਵਾਨ ਵਰਗ ਵੱਲੋਂ ਸੜਕਾਂ ਤੇ ਗੇੜੀਆਂ ਦੇਣੀਆਂ ਜਿੱਥੇ ਨਿੱਤ ਦਿਨ ਹਾਦਸਿਆਂ ਨੂੰ ਵਾਪਰਨ ਦੇ ਸੱਦੇ ਦੇ ਰਹੇ ਹਨ, ਉੱਥੇ ਹੀ ਆਮ ਲੋਕਾਂ ਦੇ ਨਿੱਜੀ ਅਧਿਕਾਰਾਂ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕੋਈ ਠੋਸ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਵੱਡੇ ਹਾਦਸੇ ਜਾਂ ਘਟਨਾ ਵਾਪਰਨ ਦਾ ਇੰਤਜ਼ਾਰ ਕਰ ਰਹੇ ਹਨ। ਕਲੱਬ ਮੈਂਬਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਉੱਚੀ ਆਵਾਜ਼ ਵਿੱਚ ਗਾਣੇ ਲਗਾਉਣ ਵਾਲੇ ਟਰੈਕਟਰ ਚਾਲਕਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ।