ਮਾਨਸਾ ਦੇ ਗ੍ਰਿਫ਼ਤਾਰ ਕੀਤੇ ਗਏ ਪਰਦੀਪ ਸਿੰਘ ਖਾਲਸਾ ਦੀ ਮਾਤਾ ਗੁਣਜੀਤ ਕੌਰ ਨੇ ਆਪਣੇ ਪੁੱਤ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਮੰਗਲਵਾਰ ਨੂੰ ਸਵੇਰੇ ਉਸ ਦੇ ਪੁੱਤ ਪਰਦੀਪ ਸਿੰਘ ਨੂੰ ਪੁਲਿਸ ਫੜ ਕੇ ਲੈ ਗਈ। ਉਹ ਤੇਜ਼ੀ ਨਾਲ ਘਰ ਵਿਚ ਆਏ ਅਤੇ ਘਰ ਦਾ ਸਾਮਾਨ ਫਰੋਲਿਆ। ਪਰਦੀਪ ਬਾਰੇ ਪੁੱਛਣ ਲੱਗੇ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸ਼ੰਭੂ-ਅੰਬਾਲਾ ਰੇਲਵੇ ਟ੍ਰੈਕ 'ਤੇ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮਾਨਸਾ ਦੇ ਪਰਦੀਪ ਸਿੰਘ ਖਾਲਸਾ ਅਤੇ ਬੱਪੀਆਣਾ ਦੇ ਕੁਲਵਿੰਦਰ ਸਿੰਘ ਬੱਗਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੁੱਤਾਂ ਨੂੰ ਨਿਰਦੋਸ਼ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਧੱਕਾ ਕੀਤੇ ਜਾਣ ਦੇ ਦੋਸ਼ ਲਗਾਏ ਹਨ।
ਬੱਪੀਆਣਾ ਦੀ ਸਰਬਜੀਤ ਕੌਰ ਨੇ ਰੌਂਦਿਆਂ ਹੋਇਆ ਦੱਸਿਆ ਕਿ ਉਸ ਦੇ ਪੁੱਤ ਕੁਲਵਿੰਦਰ ਸਿੰਘ ਨੂੰ ਖੇਤ 'ਚੋਂ ਹੀ ਪੁਲਿਸ ਫੜ ਕੇ ਲੈ ਗਈ ਤੇ ਸਾਨੂੰ ਕੁੱਝ ਦੱਸਿਆ ਵੀ ਨਹੀਂ। ਉਸ ਸਮੇਂ ਪਤਾ ਚੱਲਿਆ ਜਦ ਪਿੰਡ 'ਚ ਪਤਾ ਚੱਲਿਆ ਕਿ ਕੁਲਵਿੰਦਰ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ। ਉਹ ਇਕੱਲਾ ਘਰ ਰਹਿੰਦਾ ਸੀ ਤੇ ਕਿਤੇ ਜਾਂਦਾ ਵੀ ਨਹੀਂ ਸੀ। ਉਹ ਘਰ ਵਿਚ ਪਸ਼ੂ ਹੀ ਰੱਖਦਾ ਸੀ। ਕੁਲਵਿੰਦਰ ਦੇ ਦੋ ਬੇਟੀਆਂ ਤੇ ਇਕ ਬੇਟਾ ਹੈ। ਪਹਿਲਾਂ ਕਦੇ ਵੀ ਪੁਲਿਸ ਨਹੀਂ ਆਈ। ਜੇਕਰ ਕੋਈ ਵਿਦੇਸ਼ਾਂ ‘ਚੋਂ ਪੈਸੇ ਆਉਂਦੇ ਹੁੰਦੇ ਤਾਂ ਕੋਠੀਆਂ ਪਾ ਕੇ ਬੈਠ ਜਾਂਦੇ। ਪਟਿਆਲਾ ਤੋਂ ਨਹੀਂ ਬਲਕਿ ਉਸ ਨੂੰ ਪਿੰਡ ਦੇ ਖੇਤ ’ਚੋਂ ਫੜਿਆ ਹੈ।
ਮਾਨਸਾ ਦੇ ਗ੍ਰਿਫ਼ਤਾਰ ਕੀਤੇ ਗਏ ਪਰਦੀਪ ਸਿੰਘ ਖਾਲਸਾ ਦੀ ਮਾਤਾ ਗੁਣਜੀਤ ਕੌਰ ਨੇ ਆਪਣੇ ਪੁੱਤ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਮੰਗਲਵਾਰ ਨੂੰ ਸਵੇਰੇ ਉਸ ਦੇ ਪੁੱਤ ਪਰਦੀਪ ਸਿੰਘ ਨੂੰ ਪੁਲਿਸ ਫੜ ਕੇ ਲੈ ਗਈ। ਉਹ ਤੇਜ਼ੀ ਨਾਲ ਘਰ ਵਿਚ ਆਏ ਅਤੇ ਘਰ ਦਾ ਸਾਮਾਨ ਫਰੋਲਿਆ। ਪਰਦੀਪ ਬਾਰੇ ਪੁੱਛਣ ਲੱਗੇ। ਪਰਦੀਪ ਅਜੇ ਨਹਾ ਰਿਹਾ ਸੀ ਅਤੇ ਉਸ ਨੂੰ ਬਾਥਰੂਮ ਖੜਕਾ ਕੇ ਬਾਹਰ ਨਿਕਲਣ ਲਈ ਕਹਿਣ ਲੱਗੇ ਬਾਹਰ ਆ। ਉਹ ਬਾਹਰ ਆਇਆ ਤਾਂ ਉਸ ਨੂੰ ਆਪਣੇ ਵਾਲ ਵੀ ਵਾਹੁਣ ਨਾ ਦਿੱਤੇ ਤੇ ਤੁਰੰਤ ਉਸ ਨੂੰ ਬਾਹਰ ਨਿਕਲਦਿਆਂ ਹੀ ਨਾਲ ਲੈ ਗਏ। ਉਸ ਨੂੰ ਕਿਤੋਂ ਬਾਹਰੋਂ ਨਹੀਂ ਫੜ੍ਹਿਆ ਘਰੋਂ ਪੁਲਿਸ ਲੈ ਕੇ ਗਈ ਹੈ। ਸਾਹਮਣੇ ਘਰੋਂ ਸੀਸੀਟੀਵੀ ਕੈਮਰੇ ਵੀ ਉਤਾਰ ਕੇ ਲੈ ਗਏ। ਪੁਲਿਸ ਵਾਲਿਆਂ ਨੇ ਆਪਣੇ ਬੈਚ ਵੀ ਜੇਬ ’ਚ ਪਾ ਲਏ। ਪੁੱਛਗਿਛ ਦਾ ਕਹਿ ਕੇ ਲੈ ਗਏ।
ਮੰਗਲਵਾਰ ਰਾਤ ਫ਼ਿਰ ਮੁਲਾਜ਼ਮ ਆਏ ਤੇ ਘਰ ਵਿਚ ਆ ਕੇ ਫਰੋਲਾ ਫਰਾਲੀ ਕਰਨ ਲੱਗ। ਪਰਦੀਪ ਸਿੰਘ ਖਾਲਸਾ ਦਾ ਅਸਲਾ ਲੱਭਣ ਦੀ ਗੱਲ ਕਰਦੇ ਹੋਏ ਰਾਤ ਤਕਰੀਬਨ 3 ਕੁ ਘੰਟੇ ਤਲਾਸ਼ੀ ਲੈਂਦੇ ਰਹੇ। ਪਾਥੀਆਂ ਦਾ ਗੁਹਾਰਾ ਅਤੇ ਹੋਰ ਸਾਮਾਨ ਵੀ ਖਿਲਾਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਦਾ ਪੁੱਤਰ ਪੂਰੀ ਤਰ੍ਹਾਂ ਬੇਕਸੂਰ ਹੈ।

ਪਰਦੀਪ ਸਿੰਘ ਦੀ ਮਾਤਾ ਗੁਣਜੀਤ ਕੌਰ ਅਤੇ ਹੋਰ ਗੱਲਬਾਤ ਦੱਸਦੇ ਹੋਏ।