ਬੁਢਲਾਡਾ ਜਸ਼ਨਦੀਪ ਕਤਲ ਮਾਮਲੇ ’ਚ ਪੁਲਿਸ ਨੇ 5 ਮੁਲਜ਼ਮ ਕੀਤੇ ਗ੍ਰਿਫ਼ਤਾਰ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ
Publish Date: Thu, 08 Jan 2026 05:54 PM (IST)
Updated Date: Thu, 08 Jan 2026 05:57 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ’ਚ ਨੌਜਵਾਨ ਜਸ਼ਨਦੀਪ ਸਿੰਘ ਦੇ ਕਤਲ ਮਾਮਲੇ ’ਚ ਪੁਲਿਸ ਨੇ 5 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕੁੱਝ ਹੀ ਘੰਟਿਆਂ ਵਿੱਚ ਕਤਲ ਦੀ ਵਾਰਦਾਤ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੁਢਲਾਡਾ ਬੱਸ ਸਟੈਂਡ ਕੋਲ ਘਟਨਾ ਹੋਈ ਸੀ। ਜਦੋਂ ਪਿੰਡ ਕੁਲੈਹਿਰੀ ਦਾ ਰਹਿਣ ਵਾਲਾ ਜਸ਼ਨਦੀਪ ਸਿੰਘ ਆਪਣਾ ਜਨਮ ਦਿਨ ਮਨਾਉਣ ਲਈ ਇੱਕ ਪਿਜਾ ਦੀ ਦੁਕਾਨ ’ਤੇ ਆਇਆ ਸੀ। ਇਸ ਦੌਰਾਨ ਕਾਰ ਸਵਾਰ 5 ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਰਣਵੀਰ ਸਿੰਘ ਉਰਫ਼ ਫਲਾਪ ਨੇ ਆਪਣੇ 4 ਹੋਰਨਾਂ ਸਾਥੀਆਂ ਨਾਲ ਮਿਲ ਕੇ ਜਸ਼ਨਦੀਪ ਸਿੰਘ ਦਾ ਕਤਲ ਕੀਤਾ ਹੈ। ਰਣਵੀਰ ਸਿੰਘ ਉਰਫ਼ ਫ਼ਲਾਪ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ’ਚ ਬਾਹਮਣ ਵਾਲਾ ਪਿੰਡ ਦਾ ਰਹਿਣ ਵਾਲਾ ਹੈ। ਇਸ ਘਟਨਾ ਤੋਂ ਬਾਅਦ ਸੀਆਈਏ ਸਟਾਫ਼ ਮਾਨਸਾ ਅਤੇ ਬੁਢਲਾਡਾ ਪੁਲਿਸ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਰਣਵੀਰ ਸਿੰਘ ਉਰਫ਼ ਫਲਾਪ ਦੇ ਨਾਲ ਪਵਿੱਤਰ ਸਿੰਘ, ਕਰਨ, ਦਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਇਸਤੇਮਾਲ ਕੀਤੇ ਹਥਿਆਰ ਅਤੇ ਗੱਡੀ ਵੀ ਬਰਾਮਦ ਕੀਤੀ ਹੈ। ਐੱਸਐੱਸਪੀ ਮੀਨਾ ਨੇ ਦੱਸਿਆ ਕਿ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਾਤਲਾਂ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕਰਨ ਵਾਲੀ ਪੁਲਿਸ ਟੀਮ ਦੀ ਸ਼ਲਾਘਾ ਕੀਤੀ ਗਈ ਹੈ। ਇਸ ਸਬੰਧੀ ਇਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ ਸਨਮਾਨ ਦਿੱਤਾ ਜਾਵੇਗਾ।