ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਬਕਸਿਆਂ ’ਚ ਬੰਦ ਹੋ ਗਈ ਹੈ। ਅੱਜ ਸਵੇਰੇ ਹੀ 8 ਵਜੇ ਵੋਟਿੰਗ ਸ਼ੁਰੂ ਹੋ ਗਈ ਸੀ ਅਤੇ 4 ਵਜੇ ਤੱਕ ਹੋਈ। ਜ਼ਿਲ੍ਹਾ ਪਰਿਸ਼ਦ ਮਾਨਸਾ ਦੇ 11 ਜ਼ੋਨਾਂ ਅਤੇ 4 ਬਲਾਕ ਸੰਮਤੀਆਂ ਦੇ 86 ਜ਼ੋਨਾਂ ਲਈ ਵੋਟਾਂ 4 ਵਜੇ ਤੱਕ ਪਈਆਂ। ਕੁੱਲ੍ਹ 56.2 ਫ਼ੀਸਦੀ ਪੋਲਿੰਗ ਹੋਈ ਹੈ। ਇੰਨ੍ਹਾਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਲਗਾਤਾਰ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਬਜ਼ੁਰਗ, ਨੌਜਵਾਨ ਅਤੇ ਔਰਤਾਂ ਵੱਲੋਂ ਵੋਟਾਂ ਪਾਉਣ ਲਈ ਚੋਣ ਬੂਥਾਂ ’ਤੇ ਕਤਾਰਾਂ ਲਗਾ ਕੇ ਪਹੁੰਚਣਾ ਸ਼ੁਰੁ ਕਰ ਦਿੱਤਾ। ਇੱਕ ਪਾਸੇ ਜਿੱਥੇ ਡੀਸੀ ਮਾਨਸਾ ਨਵਜੋਤ ਕੌਰ ਵੱਲੋਂ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ, ਉਥੇ ਹੀ ਐੱਸਐੱਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਵੱਲੋਂ ਅਲੱਗ ਅਲੱਗ ਚੋਣ ਬੂਥਾਂ ’ਤੇ ਜਾ ਕੇ ਜਾਇਜ਼ਾ ਲਿਆ ਗਿਆ। ਉਮੀਦਵਾਰਾਂ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਅਤੇ ਉਨ੍ਹਾਂ ਨੇ ਵੀ ਵੋਟ ਪਾਉਣ ’ਚ ਉਤਸ਼ਾਹ ਦਿਖਾਇਆ। ਇਸ ਦੇ ਇਲਾਵਾ ਮਾਨਸਾ ਜ਼ਿਲ੍ਹੇ ਦੇ ਪਿੰਡ ਹਾਕਮਵਾਲਾ ਅਤੇ ਪਿੰਡ ਰਮਦਿੱਤੇਵਾਲਾ ਵੱਲੋਂ ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਇੱਕ ਹੀ ਪੋਲਿੰਗ ਬੂਥ ਲਗਾ ਕੇ ਸਾਂਝੀ ਭਾਈਚਾਰਕ ਸਾਂਝ ਦਾ ਨਮੂਨਾ ਪੇਸ਼ ਕੀਤਾ, ਜਿਸ ਦੀ ਕਾਫ਼ੀ ਸ਼ਲਾਘਾ ਦੇਖਣ ਨੂੰ ਮਿਲੀ। ਇੱਥੇ ਦੱਸਣਯੋਗ ਹੈ ਕਿ ਅੱਜ ਸਵੇਰੇ 10 ਵਜੇ ਤੱਕ ਵੋਟਿੰਗ ਫ਼ੀਸਦੀ 8.9 ਰਹੀ। ਪੰਚਾਇਤ ਸੰਮਤੀ ਬੁਢਲਾਡਾ ਦੀ 9.10 ਫ਼ੀਸਦੀ, ਝੁਨੀਰ 9.72 ਫ਼ੀਸਦੀ, ਮਾਨਸਾ 8.58 ਫ਼ੀਸਦੀ, ਸਰਦੂਲਗੜ੍ਹ - 8.02 ਫ਼ੀਸਦੀ ਰਹੀ। 12 ਵਜੇ ਤੱਕ ਵੋਟਿੰਗ ਪ੍ਰਤੀਸ਼ਤ 21 ਫ਼ੀਸਦੀ ਰਹੀ, ਬੁਢਲਾਡਾ 21.22 ਫ਼ੀਸਦੀ, ਝੁਨੀਰ 21.68 ਫ਼ੀਸਦੀ, ਮਾਨਸਾ 20.73 ਫ਼ੀਸਦੀ, ਸਰਦੂਲਗੜ੍ਹ 19.93 ਫ਼ੀਸਦੀ ਰਹੀ। ਬਾਅਦ ਦੁਪਹਿਰ 02 ਵਜੇ ਤੱਕ 36 ਫ਼ੀਸਦੀ ਵੋਟਿੰਗ ਹੋਈ, ਬੁਢਲਾਡਾ 36.95 ਫ਼ੀਸਦੀ, ਝੁਨੀਰ 36.85 ਫ਼ੀਸਦੀ, ਮਾਨਸਾ 35.15 ਫ਼ੀਸਦੀ, ਸਰਦੂਲਗੜ੍ਹ 34.41 ਫ਼ੀਸਦੀ ਵੋਟਿੰਗ ਹੋਈ। ਵੋਟਾਂ ਦੀ ਪ੍ਰਕਿਰਿਆ 4 ਵਜੇ ਤਕ ਜਾਰੀ ਰਹੇਗੀ। ਕੁੱਲ੍ਹ 56.2 ਫ਼ੀਸਦੀ ਪੋਲਿੰਗ ਹੋਈ ਹੈ। ਇਨ੍ਹਾਂ ਵੋਟਾਂ ਲਈ ਜ਼ਿਲ੍ਹੇ ਵਿੱਚ ਕੁੱਲ 547 ਪੋਲਿੰਗ ਬੂਥ ਸਥਾਪਿਤ ਕੀਤੇ ਗਏ। ਪੰਚਾਇਤ ਸੰਮਤੀ ਬੁਢਲਾਡਾ ਵਿਚ 181 ਬੂਥ , ਝੁਨੀਰ ਵਿਚ 121 ਬੂਥ, ਮਾਨਸਾ ਵਿੱਚ 159 ਬੂਥ, ਸਰਦੂਲਗੜ੍ਹ ਵਿਚ 86 ਬੂਥ ਬਣਾਏ ਗਏ।
ਵੋਟਾਂ ਦੀ ਗਿਣਤੀ 17 ਦਸੰਬਰ (ਬੁੱਧਵਾਰ) ਨੂੰ ਨਿਰਧਾਰਤ ਗਿਣਤੀ ਕੇਂਦਰਾਂ ‘ਤੇ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮਾਨਸਾ ਲਈ ਵੋਟਾਂ ਦੀ ਗਿਣਤੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ, ਪੰਚਾਇਤ ਸੰਮਤੀ ਝੁਨੀਰ ਲਈ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ, ਪੰਚਾਇਤ ਸੰਮਤੀ ਸਰਦੂਲਗੜ੍ਹ ਲਈ ਵੋਟਾਂ ਦੀ ਗਿਣਤੀ ਬਲਰਾਜ ਸਿੰਘ ਭੂੰਦੜ ਸਰਕਾਰੀ ਮੈਮੋਰੀਅਲ ਕਾਲਜ ਸਰਦੂਲਗੜ੍ਹ, ਪੰਚਾਇਤ ਸੰਮਤੀ ਬੁਢਲਾਡਾ ਲਈ ਵੋਟਾਂ ਦੀ ਗਿਣਤੀ ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰੱਲੀ ਵਿੱਚ ਹੋਵੇਗੀ।