ਸੜਕ ਬਣਾਉਣ ’ਚ ਘਟੀਆ ਸਮੱਗਰੀ ਵਰਤਣ ਦੇ ਮਾਮਲੇ ’ਚ JE ਬਰਖ਼ਾਸਤ
ਜ਼ਿਲ੍ਹੇ ’ਚ ਨਵੀਆਂ ਬਣ ਰਹੀਆਂ ਸੜਕਾਂ ਦੇ ਨਿਰਮਾਣ ਵਿਚ ਗ਼ੈਰ-ਮਿਆਰੀ ਸਮੱਗਰੀ ਵਰਤੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਫਲਾਇੰਗ ਸਕੁਐਡ ਨੇ ਸੜਕ ਦੀ ਗੁਣਵੱਤਾ ਚੈੱਕ ਕੀਤੀ। ਸੜਕ ਬਣਾਉਣ ਵਿਚ ਭ੍ਰਿਸ਼ਟਾਚਾਰ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੰਡੀ ਬੋਰਡ ਮਾਨਸਾ ਦਾ ਜੇਈ ਬਰਖ਼ਾਸਤ ਕਰ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਮਾਖਾ ਚਹਿਲਾਂ ਵਾਇਆ ਰੱਲਾ-ਜੋਗਾ ਆਉਂਦੀ ਸੜਕ ਬਣਾਉਣ ਵੇਲੇ ਮਾੜਾ ਮਟਰੀਅਲ ਵਰਤੇ ਜਾਣ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ।
Publish Date: Tue, 18 Nov 2025 04:08 PM (IST)
Updated Date: Tue, 18 Nov 2025 04:11 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਜ਼ਿਲ੍ਹੇ ’ਚ ਨਵੀਆਂ ਬਣ ਰਹੀਆਂ ਸੜਕਾਂ ਦੇ ਨਿਰਮਾਣ ਵਿਚ ਗ਼ੈਰ-ਮਿਆਰੀ ਸਮੱਗਰੀ ਵਰਤੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਫਲਾਇੰਗ ਸਕੁਐਡ ਨੇ ਸੜਕ ਦੀ ਗੁਣਵੱਤਾ ਚੈੱਕ ਕੀਤੀ। ਸੜਕ ਬਣਾਉਣ ਵਿਚ ਭ੍ਰਿਸ਼ਟਾਚਾਰ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੰਡੀ ਬੋਰਡ ਮਾਨਸਾ ਦਾ ਜੇਈ ਬਰਖ਼ਾਸਤ ਕਰ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਮਾਖਾ ਚਹਿਲਾਂ ਵਾਇਆ ਰੱਲਾ-ਜੋਗਾ ਆਉਂਦੀ ਸੜਕ ਬਣਾਉਣ ਵੇਲੇ ਮਾੜਾ ਮਟਰੀਅਲ ਵਰਤੇ ਜਾਣ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ। ਮੁੱਖ ਮੰਤਰੀ ਨੇ ਆਪਣੀ ਫਲਾਇੰਗ ਸਕੁਐਡ ਭੇਜ ਕੇ ਸੜਕ ਦੀ ਸਮੱਗਰੀ ਦੀ ਜਾਂਚ ਕਰਨ ਉਪਰੰਤ ਪੰਜਾਬ ਮੰਡੀ ਬੋਰਡ ਮਾਨਸਾ ਦੇ ਜੇਈ ਗੁਰਪ੍ਰੀਤ ਸਿੰਘ ’ਤੇ ਕਾਰਵਾਈ ਕਰਦਿਆਂ ਉਸ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੰਡੀ ਬੋਰਡ ਦੇ ਉਪ ਮੰਡਲ ਅਧਿਕਾਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਰੋਕ ਲਗਾਈ ਗਈ ਹੈ।
ਯਾਦ ਰਹੇ, ਪਿੰਡ ਮਾਖਾ ਚਹਿਲਾਂ ਦੀ ਸੜਕ ਪਿਛਲੇ ਦਿਨੀਂ ਨਵੀਂ ਬਣੀ ਸੀ। ਲੋਕਾਂ ਨੇ ਮੁੱਖ ਮੰਤਰੀ ਮਾਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੜਕ ਨੂੰ ਬਣਾਉਣ ਲਈ ਏਨਾ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਕਿ ਸੜਕ ਹੱਥਾਂ ਨਾਲ ਪੁੱਟੀ ਜਾ ਸਕਦੀ ਹੈ। ਇਸ ’ਤੇ ਤੁਰੰਤ ਐਕਸ਼ਨ ਲੈਂਦਿਆਂ ਇਸ ਲਈ ਜ਼ਿੰਮੇਵਾਰ ਮੰਨਦਿਆਂ ਮੰਡੀ ਬੋਰਡ ਦਾ ਜੇਈ ਗੁਰਪ੍ਰੀਤ ਸਿੰਘ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਪ ਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਨੋਟਿਸ ਜਾਰੀ ਕਰ ਕੇ ਉਸ ਦੇ ਅਧੀਨ ਆਉਂਦੇ ਸਾਰੇ ਕੰਮਾਂ ’ਤੇ ਰੋਕ ਲਗਾ ਦਿੱਤੀ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਸੜਕ ਦੀ ਸਮੱਗਰੀ ਦੀ ਗੁਣਵੱਤਾ ਵਿਚ ਗੰਭੀਰ ਖ਼ਾਮੀਆਂ ਪਾਏ ਜਾਣ ’ਤੇ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।