ਮਲਵਈ ਲੋਕ ਵੀ ਕਰਨ ਲੱਗੇ ਠੰਢ ’ਚ ਠਰੂੰ ਠੁਰੂੰ
ਸੀਤ ਲਹਿਰ ਅਤੇ ਡਿੱਗ ਰਹੇ ਤਾਪਮਾਨ ਕਰਕੇ
Publish Date: Thu, 08 Jan 2026 06:21 PM (IST)
Updated Date: Thu, 08 Jan 2026 06:24 PM (IST)
- ਮਾਨਸਾ ਵਾਸੀ ਵੀ ਹੋ ਰਹੇ ਠੰਢ ‘ਚ ਪਰੇਸ਼ਾਨ
- ਲੋਹੜੀ ਤਕ ਸਕੂਲਾਂ ’ਚ ਹੋਈਆਂ ਛੁੱਟੀਆਂ ਤੋਂ ਬਾਅਦ ਬੱਚੇ ਅੱਗ ਸੇਕਦੇ ਆ ਰਹੇ ਨੇ ਨਜ਼ਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ਭਰ ’ਚ ਵੀ ਠੰਢ ਵੱਧ ਗਈ ਹੈ। ਠੰਢ ਤੋਂ ਰਾਹਤ ਮਿਲਣ ਦੇ ਹਾਲੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਮਾਲਵਾ ਭਰ ਵਿੱਚ ਸੀਤ ਲਹਿਰ ਦਾ ਅਸਰ ਲਗਾਤਾਰ ਬਣਿਆ ਹੋਇਆ ਹੈ। ਮਾਨਸਾ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਢ ਜਾਰੀ ਹੈ, ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰ ਰਹੇ ਹਨ ਅਤੇ ਜ਼ਰੂਰੀ ਕੰਮ ਵੀ ਅੱਗੇ ਪਾ ਰਹੇ ਹਨ। ਮੌਸਮ ਦੀ ਤੀਬਰਤਾ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲੋਹੜੀ ਤਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਕੂਲ ਬੰਦ ਹੋਣ ਕਾਰਨ ਬੱਚੇ ਘਰਾਂ ਵਿੱਚ ਅੱਗ ਸੇਕਦੇ ਹੋਏ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਮਾਹਿਰਾਂ ਅਨੁਸਾਰ ਲੋਹੜੀ ਤਕ ਠੰਢ ਇਸੇ ਤਰ੍ਹਾਂ ਬਣੀ ਰਹਿਣ ਦੀ ਸੰਭਾਵਨਾ ਹੈ। ਠੰਢ ਦੇ ਕਹਿਰ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫੀਲੀਆਂ ਹਵਾਵਾਂ ਕਾਰਨ ਸਫ਼ਰ ਦੌਰਾਨ ਸਰੀਰ ਕੰਬਣ ਲੱਗ ਪੈਂਦਾ ਹੈ। ਖੁੱਲ੍ਹੇ ਅਸਮਾਨ ਹੇਠ ਰਹਿਣ ਵਾਲੇ ਲੋਕਾਂ ਲਈ ਵੀ ਹਾਲਾਤ ਕਾਫ਼ੀ ਮੁਸ਼ਕਿਲ ਬਣੇ ਹੋਏ ਹਨ। ਇਸ ਤੋਂ ਇਲਾਵਾ ਮਜ਼ਦੂਰ ਵਰਗ, ਕਿਸਾਨ ਅਤੇ ਦਿਹਾੜੀਦਾਰ ਲੋਕ ਵੀ ਠੰਢ ਨਾਲ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ। ਲੋਕ ਗਰਮ ਕੱਪੜਿਆਂ ਅਤੇ ਅੱਗ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਠੰਢ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸਿਹਤ ਵਿਭਾਗ ਵੱਲੋਂ ਠੰਢ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ : ਸੀਤ ਲਹਿਰ ਅਤੇ ਡਿੱਗਦੇ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਸਲਾਹਕਾਰੀ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਮੌਸਮ ਦੌਰਾਨ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ। ਡਾ. ਰਾਏ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਬੰਦ ਕਮਰਿਆਂ ਵਿੱਚ ਅੰਗੀਠੀ ਜਾਂ ਕੋਲੇ ਦੀ ਵਰਤੋਂ ਜਾਨਲੇਵਾ ਸਾਬਤ ਹੋ ਸਕਦੀ ਹੈ, ਕਿਉਂਕਿ ਇਸ ਨਾਲ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਗੈਸ ਮਨੁੱਖੀ ਸਿਹਤ ਲਈ ਖ਼ਤਰਨਾਕ ਹੁੰਦੀ ਹੈ। ਉਨ੍ਹਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਅਤੇ ਬਾਹਰ ਜਾਣ ਸਮੇਂ ਮੂੰਹ ਤੇ ਨੱਕ ਢੱਕ ਕੇ ਜਾਣ ਦੀ ਸਲਾਹ ਦਿੱਤੀ।