ਪ੍ਰੋਮੋਸ਼ਨਾਂ ’ਚ ਗੜਬੜੀ ਦੇ ਮਸਲੇ ’ਤੇ ਡੀਟੀਐੱਫ਼ ਦਾ ਵਫ਼ਦ ਡੀਐੱਸਈ ਨੂੰ ਮਿਲਿਆ
ਬੀਤੇ ਕੱਲ ਐਚ. ਟੀ. ਸੀ ਐਚ ਟੀ ਅਧਿਆਪਕਾਂ
Publish Date: Thu, 08 Jan 2026 07:24 PM (IST)
Updated Date: Thu, 08 Jan 2026 07:27 PM (IST)

- ਪ੍ਰਮੋਸ਼ਨ ਤੋਂ ਟੀਈਟੀ ਦੀ ਬੇਲੋੜੀ ਸ਼ਰਤ ਹਟਾਈ ਜਾਵੇ : ਡੀਟੀਐੱਫ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਚਟੀਸੀ ਐੱਚਟੀ ਅਧਿਆਪਕਾਂ ਤੋਂ ਮਾਸਟਰ ਕਾਡਰ ਦੀ ਪ੍ਰੋਮੋਸ਼ਨ ਲਈ ਜਾਰੀ ਹੋਈਆਂ ਲਿਸਟਾਂ ਵਿੱਚ ਭਾਰੀ ਤਰੁਟੀਆਂ ਹੋਣ ਕਾਰਨ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਇੱਕ ਵਫ਼ਦ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਦੀ ਅਗਵਾਈ ਵਿੱਚ ਡੀਐੱਸਈ (ਸੈਕੰਡਰੀ) ਨੂੰ ਮਿਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸਕੱਤਰ ਹਰਜਿੰਦਰ ਸਿੰਘ ਅਨੁਪਗੜ੍ਹ ਨੇ ਦੱਸਿਆ ਕਿ ਆਪਣੀ ਭਰਤੀ ਸਮੇਂ ਲਗਾਈਆਂ ਗਈਆਂ ਸ਼ਰਤਾਂ ਅਤੇ ਯੋਗਤਾਵਾਂ ਪੂਰੀਆਂ ਕਰ ਕੇ ਨੌਕਰੀ ਵਿੱਚ ਆਈ ਅਧਿਆਪਕਾ, ਜੋ ਕਿ ਪ੍ਰੋਮੋਸ਼ਨ ਤੋਂ ਬਾਅਦ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਵੀ ਬਣ ਗਏ ਹਨ। ਉਨ੍ਹਾਂ ਨੂੰ ਟੀਈਟੀ ਟੈਸਟ ਕਲੀਅਰ ਨਾ ਹੋਣ ਦੀ ਬੇਤੁਕੀ ਸ਼ਰਤ ਲ਼ਾ ਕੇ ਮਾਸਟਰ ਕਾਡਰ ਪ੍ਰੋਮੋਸ਼ਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਈਟੀਟੀ ਅਧਿਆਪਕਾਂ ’ਤੇ ਵੀ ਪ੍ਰੋਮੋਸ਼ਨ ਤੋਂ ਦੋ ਸਾਲ ਦੇ ਅੰਦਰ-ਅੰਦਰ ਟੀਈਟੀ ਟੈਸਟ ਪਾਸ ਕਰਨ ਦੀ ਸ਼ਰਤ ਰੱਖ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਸ਼ੁਰੂ ਤੋਂ ਹੀ ਅਧਿਆਪਕਾਂ ’ਤੇ ਅਜਿਹੇ ਬੇਲੋੜੇ ਟੈਸਟ ਥੋਪਣ ਦਾ ਵਿਰੋਧ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ 25-25 ਸਾਲ ਦਾ ਪੜ੍ਹਾਉਣ ਦਾ ਤਜ਼ਰਬਾ ਰੱਖਣ ਵਾਲੇ ਅਧਿਆਪਕਾਂ ਦੀ ਯੋਗਤਾ ਪਰਖਣ ਦੀ ਹੁਣ ਕੀ ਲੋੜ ਹੈ। ਇਸ ਮੌਕੇ ਡੀਟੀਐੱਫ਼ ਦੇ ਜੁਆਇੰਟ ਸਕੱਤਰ ਦਿਲਜੀਤ ਸਿੰਘ ਸਮਰਾਲਾ, ਗੁਰਪ੍ਰੀਤ ਖੇਮੁਆਣਾ, ਤਲਵਿੰਦਰ ਖਰੋੜ, ਹੁਸ਼ਿਆਰ ਸਿੰਘ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਡੀਐੱਸਈ ਨੇ ਉਨ੍ਹਾਂ ਦੇ ਇਤਰਾਜ਼ਾਂ ਨਾਲ ਸਹਿਮਤ ਹੁੰਦੇ ਹੋਏ ਇਨ੍ਹਾਂ ਪ੍ਰੋਮੋਸ਼ਨਾਂ ’ਤੇ ਰੋਕ ਲਗਾ ਦਿੱਤੀ ਹੈ। ਡੀਐੱਸਈ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਪ੍ਰਮੋਸ਼ਨਾਂ ਵਿੱਚ ਰਹਿ ਗਈਆਂ ਹਰ ਕਿਸਮ ਦੀਆਂ ਤਰੁਟੀਆਂ ਨੂੰ ਦੂਰ ਕਰ ਕੇ ਜਲਦੀ ਇਹ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਟੀਈਟੀ ਦੀ ਸ਼ਰਤ ਰੱਖਣ ਬਾਰੇ ਉਹ ਸਿੱਖਿਆ ਸਕੱਤਰ ਨਾਲ ਮੀਟਿੰਗ ਕਰ ਰਹੇ ਹਨ ਅਤੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਕੋਈ ਫ਼ੈਸਲਾ ਲੈਣਗੇ।