ਮੋਗਾ–ਲੁਧਿਆਣਾ ਰੋਡ ’ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਟਰੈਕਟਰ-ਟਰਾਲੀ ਤੇ ਬਾਈਕ ਦੀ ਟੱਕਰ 'ਚ ਨੌਜਵਾਨ ਦੀ ਮੌਤ; ਲੜਕੀ ਗੰਭੀਰ ਜ਼ਖ਼ਮੀ
ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਬਿਨਾਂ ਕਿਸੇ ਦੇਰੀ ਦੇ ਆਪਣੀ ਐਮਰਜੈਂਸੀ ਗੱਡੀ ਰਾਹੀਂ ਦੋਵੇਂ ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ।
Publish Date: Sun, 14 Dec 2025 08:50 PM (IST)
Updated Date: Sun, 14 Dec 2025 08:53 PM (IST)
ਵਕੀਲ ਮਹਿਰੋਂ, ਮੋਗਾ : ਮੋਗਾ–ਲੁਧਿਆਣਾ ਮੁੱਖ ਸੜਕ ’ਤੇ ਪਿੰਡ ਮਹਿਣਾ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਨਾਲ ਬੈਠੀ ਲੜਕੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਲੜਕਾ ਅਤੇ ਲੜਕੀ ਲੁਧਿਆਣਾ ਪਾਸੋਂ ਮੋਗਾ ਵੱਲ ਆ ਰਹੇ ਸਨ। ਜਿਵੇਂ ਹੀ ਉਹ ਪਿੰਡ ਮਹਿਣਾ ਦੇ ਕੋਲ ਸੜਕ ਚੁਰਾਹੇ ’ਤੇ ਪਹੁੰਚੇ, ਉੱਥੇ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਬਿਨਾਂ ਕਿਸੇ ਦੇਰੀ ਦੇ ਆਪਣੀ ਐਮਰਜੈਂਸੀ ਗੱਡੀ ਰਾਹੀਂ ਦੋਵੇਂ ਜ਼ਖ਼ਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਵੱਲੋਂ ਕੀਤੀ ਜਾਂਚ ਦੌਰਾਨ ਨੌਜਵਾਨ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ, ਜਦਕਿ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਦਾ ਇਲਾਜ ਜਾਰੀ ਹੈ।ਹਾਦਸੇ ਦੀ ਖ਼ਬਰ ਮਿਲਣ ’ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਸ ਮੌਕੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੜਕ ਹਾਦਸੇ ਸਮਾਜ ਲਈ ਵੱਡੀ ਤਰਾਸਦੀ ਹਨ। ਉਨ੍ਹਾਂ ਪਰਮਾਤਮਾ ਅੱਗੇ ਜ਼ਖ਼ਮੀ ਲੜਕੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਨਾਲ ਹੀ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੜਕ ਸੁਰੱਖਿਆ ਦੇ ਉਪਾਇਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਦਰਦਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ।