ਕਹਿਰ ਬਣ ਕੇ ਆਇਆ ਤੇਜ਼ ਰਫ਼ਤਾਰ ਕੈਂਟਰ: ਖੰਭਿਆਂ ਹੇਠ ਦਬਣ ਕਾਰਨ ਨੌਜਵਾਨਾਂ ਦੀਆਂ ਲੱਤਾਂ ਹੋਈਆਂ ਚਕਨਾਚੂਰ, ਇੱਕ ਦਾ ਕੱਟਿਆ ਗਿਆ ਪੈਰ
ਕੈਂਟਰ ਚਾਲਕ ਦੀ ਲਾਪਰਵਾਹੀ ਕਾਰਨ ਈਸਟ ਮੈਨ ਚੌਂਕ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਚਲਦੇ ਦੋ ਨੌਜਵਾਨਾਂ ਦੀ ਜਾਨ ’ਤੇ ਬਣ ਆਈ ਅਤੇ ਦੋਵਾਂ ਦੀਆਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਹਾਲਤ ਇਹ ਸੀ ਕਿ ਇੱਕ ਨੌਜਵਾਨ ਦਾ ਪੈਰ ਸਰੀਰ ਨਾਲੋਂ ਵੱਖ ਹੋ ਗਿਆ।
Publish Date: Sat, 02 May 2026 04:59 PM (IST)
Updated Date: Sat, 02 May 2026 05:03 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਕੈਂਟਰ ਚਾਲਕ ਦੀ ਲਾਪਰਵਾਹੀ ਕਾਰਨ ਈਸਟ ਮੈਨ ਚੌਂਕ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਚਲਦੇ ਦੋ ਨੌਜਵਾਨਾਂ ਦੀ ਜਾਨ ’ਤੇ ਬਣ ਆਈ ਅਤੇ ਦੋਵਾਂ ਦੀਆਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਹਾਲਤ ਇਹ ਸੀ ਕਿ ਇੱਕ ਨੌਜਵਾਨ ਦਾ ਪੈਰ ਸਰੀਰ ਨਾਲੋਂ ਵੱਖ ਹੋ ਗਿਆ।
ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸਮਾਰਟ ਕਲੋਨੀ ਗਿਆਸਪੁਰਾ ਦੇ ਵਾਸੀ ਅਨਵਰ ਅਲੀ ਦੀ ਸ਼ਿਕਾਇਤ ’ਤੇ ਊਧਮ ਸਿੰਘ ਨਗਰ ਉੱਤਰਾਖੰਡ ਦੇ ਵਾਸੀ ਕੈਂਟਰ ਚਾਲਕ ਸੰਜੇ ਚੰਦਰਾ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਅਨਵਰ ਅਲੀ ਨੇ ਦੱਸਿਆ ਕਿ ਬੀਤੇ ਦਿਨੀ ਰਾਤ 9:30 ਵਜੇ ਦੇ ਕਰੀਬ ਉਹ ਆਪਣੇ ਦੋਸਤ ਅਰੁਣ ਕੁਮਾਰ ਨਾਲ ਫੈਕਟਰੀ ਤੋਂ ਛੁੱਟੀ ਕਰਕੇ ਘਰ ਵਾਪਸ ਜਾ ਰਿਹਾ ਸੀ।
ਦੋਵੇਂ ਨੌਜਵਾਨ ਜਿਵੇਂ ਹੀ ਈਸਟ ਮੈਨ ਚੌਂਕ ਵਿੱਚ ਪਹੁੰਚੇ ਤਾਂ ਉਥੋਂ ਲੰਘ ਰਹੇ ਇੱਕ ਤੇਜ਼ ਰਫਤਾਰ ਕੈਂਟਰ ਨੇ ਲਾਪਰਵਾਹੀ ਨਾਲ ਹਾਈ ਵੋਲਟੇਜ ਬਿਜਲੀ ਦੀਆਂ ਮੋਟੀਆਂ ਤਾਰਾਂ ਵਿੱਚ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੇ ਖੰਬੇ ਉਨਾਂ ਉੱਪਰ ਡਿੱਗ ਪਏ।
ਸ਼ਿਕਾਇਤ ਕਰਤਾ ਨੇ ਬਿਆਨਾਂ ਵਿੱਚ ਦੱਸਿਆ ਕਿ ਖੰਭੇ ਹੇਠਾਂ ਆਉਣ ਕਾਰਨ ਉਸ ਦੀ ਖੱਬੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ। ਅਰੁਣ ਕੁਮਾਰ ਦੀਆਂ ਦੋਵੇਂ ਲੱਤਾਂ ਖੰਬੇ ਹੇਠਾਂ ਦੱਬ ਗਈਆਂ ਅਤੇ ਉਸਦਾ ਇੱਕ ਪੈਰ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਕੱਟਿਆ ਗਿਆ। ਲਹੂ ਲੁਹਾਨ ਹੋਏ ਨੌਜਵਾਨਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਦੇਖ ਕੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਉਧਰੋਂ ਹੀ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਨਵਰ ਅਲੀ ਦੀ ਸ਼ਿਕਾਇਤ ’ਤੇ ਉੱਤਰਾਖੰਡ ਦੇ ਉਧਮ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਸੰਜੇ ਚੰਦਰਾ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।