ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦਾ ਕਤਲ
ਨਾਜਾਇਜ਼ ਸਬੰਧਾਂ ਕਰਕੇ ਕੀਤਾ ਨੌਜਵਾਨ ਦਾ ਕਤਲ, ਸਮਰਾਲਾ ਪੁਲਿਸ ਨੇ 3 ਮੁਲਜਮਾਂ ਨੂੰ ਕੀਤਾ ਗ੍ਰਿਫਤਾਰ
Publish Date: Mon, 11 May 2026 07:56 PM (IST)
Updated Date: Tue, 12 May 2026 04:12 AM (IST)

ਸਮਰਾਲਾ ਪੁਲਿਸ ਨੇ 3 ਮੁਲਜਮਾਂ ਨੂੰ ਕੀਤਾ ਗ੍ਰਿਫਤਾਰ ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਥਾਣਾ ਸਮਰਾਲਾ ਦੀ ਪੁਲਿਸ ਨੇ ਪੁਲਿਸ ਜਿਲ੍ਹਾ ਖੰਨਾ ਦੀ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸਪੀਡੀ ਪਵਨਜੀਤ ਚੌਧਰੀ ਤੇ ਡੀਐੱਸਪੀ ਪ੍ਰਿਤਪਾਲ ਸਿੰਘ ਸੰਧੂ ਦੀ ਅਗਵਾਈ ਚ ਐੱਸਐਚਓ ਹਰਵਿੰਦਰ ਸਿੰਘ ਵੱਲੋਂ ਬੀਤੇ ਦਿਨੀ ਨਾਜਾਇਜ਼ ਸਬੰਧਾਂ ਕਰ ਕੇ ਇਕ ਨੌਜਵਾਨ ਦੇ ਕੀਤੇ ਗਏ ਕਤਲ ਦੇ ਮੁੱਖ ਮੁਲਜਮਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ ਕੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਥਾਣਾ ਸਮਰਾਲਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਐੱਸਪੀਡੀ ਪਵਨਜੀਤ ਚੌਧਰੀ ਤੇ ਡੀਐੱਸਪੀ ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਲੰਘੀ 10 ਮਈ ਨੂੰ ਹੈਦਰ ਅਲੀ ਪੁੱਤਰ ਅਕਬਰ ਅਲੀ ਵਾਸੀ ਪਿੰਡ ਮਹਾਸਿਮਰਾ ਥਾਣਾ ਸਿਰਸੀਆ, ਜਿਲਾ ਸਗਵਸਤੀ ਸਟੇਟ ਯੂਪੀ ਹਾਲ ਵਾਸੀ ਪਿੰਡ ਗੜ੍ਹੀ ਤਰਖਾਣਾ ਨੇ ਥਾਣਾ ਸਮਰਾਲਾ ਦੇ ਏਐੱਸਆਈ ਸਰਾਜਦੀਨ ਪਾਸ ਬਿਆਨ ਦਰਜ ਕਰਵਾਏ ਕਿ ਮੇਰੇ ਛੋਟੇ ਭਰਾ ਫਿਰੋਜ਼ ਅਲੀ ਦਾ ਕਿਸੇ ਅਣਪਛਾਤੇ ਬੰਦਿਆਂ ਨੇ ਕਤਲ ਕਰ ਦਿੱਤਾ ਹੈ। ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਐੱਸਐੱਚਓ ਹਰਵਿੰਦਰ ਸਿੰਘ ਦੀ ਅਗਵਾਈ ਚ ਦੋਸ਼ੀਆਂ ਦੀ ਭਾਲ ਕਰਨ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਅਤੇ ਪੁਲਿਸ ਵੱਲੋਂ ਕਤਲ ਦੇ ਘਨਾਉਣੇ ਅਪਰਾਧ ਦੇ ਕਥਿਤ ਦੋਸ਼ੀਆਂ ਸਰਬਜੀਤ ਸਿੰਘ ਵਾਸੀ ਪਿੰਡ ਭਗਵਾਨਪੁਰਾ ਥਾਣਾ ਸਮਰਾਲਾ ਜਤਿੰਦਰ ਸਿੰਘ ਵਾਸੀ ਪਿੰਡ ਮਨਸੂਰਪੁਰ ਥਾਣਾ ਖਮਾਣੋਂ ਅਤੇ ਅਰਸ਼ਦੀਪ ਸਿੰਘ ਵਾਸੀ ਪਿੰਡ ਪਵਾਤ ਥਾਣਾ ਮਾਛੀਵਾੜਾ ਸਾਹਿਬ ਨੂੰ ਟਰੇਸ ਕਰ ਕੇ ਇਸ ਮਾਮਲੇ ਵਿੱਚ ਨਾਮਜਦ ਕਰ ਕੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਤੇ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਇਹ ਫਿਰੋਜ ਅਲੀ ਦੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਲੜਕੀ ਨਾਲ ਨਾਜਾਇਜ਼ ਸੰਬੰਧ ਸਨ। ਫਿਰੋਜ਼ ਅਲੀ ਪਹਿਲਾਂ ਵੀ ਪਿੰਡ ਭਗਵਾਨਪੁਰਾ ਵਿੱਚ ਲੜਕੀ ਨੂੰ ਮਿਲਣ ਆਉਂਦਾ ਸੀ ਤੇ ਬੀਤੀ 9 ਮਈ ਦੀ ਦਰਮਿਆਨੀ ਰਾਤ ਨੂੰ ਪਿੰਡ ਭਗਵਾਨਪੁਰਾ ਵਿਖੇ ਲੜਕੀ ਨੂੰ ਮਿਲਣ ਆਇਆ ਤਾਂ ਇਸ ਲੜਕੇ ਬਾਰੇ ਜਦੋਂ ਇਹਨਾਂ ਨੂੰ ਸੂਚਨਾ ਮਿਲੀ ਕਿ ਅੱਜ ਉਹ ਲੜਕਾ ਲੜਕੀ ਨੂੰ ਮਿਲਣ ਆਏਗਾ ਤਾਂ ਇਹਨਾਂ ਨੇ ਸਲਾਹ ਕਰ ਕੇ ਫਿਰੋਜ ਅਲੀ ਨੂੰ ਮੌਕੇ ਤੋਂ ਫੜ ਲਿਆ ਤੇ ਉਹਦੀ ਕੁੱਟਮਾਰ ਕੀਤੀ ਤੇ ਉਸ ਦਾ ਕਤਲ ਕਰਕੇ ਨਗਨ ਹਾਲਤ ਵਿੱਚ ਪਪੜੋਦੀ ਰੋਡ ਸਮਰਾਲਾ ਵਿਖੇ ਸੁੱਟ ਦਿੱਤਾ ਗਿਆ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਇਸ ਘਟਨਾ ਵਿੱਚ 2 ਹੋਰ ਮੁਲਜਮ ਕਰਮਜੀਤ ਸਿੰਘ ਵਾਸੀ ਭਗਵਾਨਪੁਰਾ ਅਤੇ ਧਰਮ ਸਿੰਘ ਵਾਸੀ ਜਟਾਣਾ ਦੀ ਵੀ ਸ਼ਮੂਲੀਅਤ ਹੈ, ਇਹਨਾਂ ਨੂੰ ਵੀ ਪੁਲਿਸ ਵੱਲੋਂ ਜਲਦੀ ਕਾਬੂ ਕਰ ਲਿਆ ਜਾਵੇਗਾ।