ਇਲਾਜ ਦੌਰਾਨ ਨੌਜਵਾਨ ਦੀ ਮੌਤ, ਨਿੱਜੀ ਹਸਪਤਾਲ ’ਤੇ ਪਰਿਵਾਰ ਨੇ ਲਗਾਇਆ ਲਾਪਰਵਾਹੀ ਦਾ ਇਲਜਾਮ
ਪੀ24: ਹਸਪਤਾਲ ਦੇ ਬਾਹਰ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕਰਦੇ ਮ੍ਰਿਤਕ ਚੇਤਨ ਦੇ ਪਰਿਵਾਰਕ ਮੈਂਬਰ ਤੇ ਹੋਰ ਲੋਕ।
ਪੀ25) ਮ੍ਰਿਤਕ ਚੇਤਨ ਦੇ ਘਰਦਿਆਂ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ।
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ: ਇੱਥੋਂ ਦੇ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ 17 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ’ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ। ਨੌਜਵਾਨ ਦੀ ਮੌਤ ਤੋਂ ਗੁੱਸੇ ’ਚ ਆਏ ਪਰਿਵਾਰ ਮੈਂਬਰਾਂ ਤੇ ਇਲਾਕੇ ਦੇ ਲੋਕਾਂ ਵੱਲੋਂ ਹਸਪਤਾਲ ਦੇ ਬਾਹਰ ਮ੍ਰਿਤਕ ਦੀ ਲਾਸ਼ ਰੱਖ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਹਸਪਤਾਲ ਨੂੰ ਬੰਦ ਕਰਨ ਦੀ ਮੰਗ ਕੀਤੀ, ਜਿਸ ਨਾਲ ਸੰਘਣੇ ਇਲਾਕੇ ’ਚ ਆਵਾਜਾਈ ਠੱਪ ਹੋ ਗਈ ਅਤੇ ਲੋਕਾਂ ਨੂੰ ਬੜੀ ਮਸ਼ਕਿਲ ਦਾ ਸਾਹਮਣਾ ਕਰਨਾ ਪਿਆ। ਘਟਨਾ ਦਾ ਪਤਾ ਲੱਗਣ ’ਤੇ ਥਾਣੀ ਸਿਟੀ 2 ਦੇ ਮੁਖੀ ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਲੋਕਾਂ ਨੂੰ ਸ਼ਾਂਤ ਕਰਨ ਦੇ ਯਤਨ ਕਰਨ ਲੱਗੇ। ਮ੍ਰਿਤਕ ਦੀ ਪਛਾਣ ਚੇਤਨ ਪੁੱਤਰ ਵੀਰਪਾਲ ਵਾਸੀ ਜੀਤਾ ਸਿੰਘ ਕਾ ਖੂਹ, ਖੰਨਾ ਵੱਜੋਂ ਹੋਈ। ਜਾਣਕਾਰੀ ਅਨੁਸਾਰ ਮ੍ਰਿਤਕ ਚੇਤਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਨੌਜਵਾਨ ਦੇ ਪਿਤਾ ਵੀਰਪਾਲ ਤੇ ਮਾਤਾ ਨੀਤੂ ਨੇ ਦੱਸਿਆ ਕਿ ਚੇਤਨ ਸੋਮਵਾਰ ਚੰਗੀ ਹਾਲਾਤ ’ਚ ਘਰ ਸੀ, ਅਚਾਨਕ ਉਸ ਦੀ ਛਾਤੀ ’ਚ ਤਕਲੀਫ਼ ਹੋਈ ਤੇ ਉਹ ਪੈਦਲ ਹੀ ਹਸਪਤਾਲ ਚਲਾ ਗਿਆ ਸੀ। ਉਹ ਸਵੇਰੇ 10 ਵਜੇ ਦੇ ਕਰੀਬ ਇੱਕ ਨਿੱਜੀ ਹਸਪਤਾਲ ’ਚ ਇਲਾਜ ਲਈ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸੀ। ਉਸਦੇ ਕੋਈ ਟੀਕਾ ਲਗਾ ਦਿੱਤਾ ਗਿਆ। ਬਾਅਦ ’ਚ ਡਾਕਅਰਾਂ ਨੇ ਲੁਧਿਆਣਾ ਜਾਂ ਚੰਡੀਗੜ੍ਹ ਰੈਫਰ ਕਰਨ ਦੀ ਸਿਫਾਰਸ਼ ਕੀਤੀ। ਪਰਿਵਾਰ ਨੇ ਦੋਸ ਲਗਾਇਆ ਕਿ ਟੀਕੇ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਕਿਸੇ ਹੋਰ ਹਸਪਤਾਲ ਲਿਜਾਣ ਲਈ ਕਿਹਾ। ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ਦੇ ਲਾਪਰਵਾਹੀ ਦਾ ਦੋਸ਼ ਲਾਉਣ ਲਈ ਕਿਹਾ ਕਿ ਚੇਤਨ ਨੂੰ ਗ਼ਲਤ ਦਵਾਈ ਜਾਂ ਟੀਕਾ ਲਾਉਣ ਕਰ ਕੇ ਉਸਦੀ ਮੌਤ ਹੋਈ ਹੈ। ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਚੇਤਨ ਦੀ ਲਾਸ਼ ਹਸਪਤਾਲ ਦੇ ਬਾਹਰ ਰੱਖ ਦਿੱਤੀ। ਹਸਪਤਾਲ ਅਤੇ ਡਾਕਟਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਤ ਬਾਰੇ ਹਸਪਤਾਲ ਦੇ ਪ੍ਰਬੰਧਕਾਂ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਥਾਣਾ ਸਿਟੀ-2 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਹਸਪਤਾਲ ਪ੍ਰਬੰਧਕਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਉਸਦੀ ਗੰਭੀਰ ਹਾਲਤ ਦੌਰਾਨ ਹੀ ਹਸਪਤਾਲ ਲਿਆਂਦਾ ਗਿਆ ਸੀ ਤੇ ਉਨ੍ਹਾਂ ਨੇ ਪਰਿਵਾਰ ਨੇ ਅੱਗੇ ਕਿਸੇ ਹੋਰ ਹਸਪਤਾਲ ਲਿਜਾਣ ਲਈ ਪਹਿਲਾਂ ਹੀ ਬੋਲ ਦਿੱਤਾ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।