ਜਵੱਦੀ ਟਕਸਾਲ ਵਿਖੇ ਕਰਵਾਇਆ ਹਫਤਾਵਾਰੀ ਨਾਮ ਸਿਮਰਨ ਸਮਾਗਮ
ਜਵੱਦੀ ਟਕਸਾਲ ਵਿਖੇ ਕਰਵਾਇਆ ਗਿਆ ਹਫਤਾਵਾਰੀ ਨਾਮ ਸਿਮਰਨ ਸਮਾਗਮ
Publish Date: Sun, 03 May 2026 06:47 PM (IST)
Updated Date: Mon, 04 May 2026 04:12 AM (IST)
-ਮਨੁੱਖੀ ਤਨ ਪਰਮਾਤਮਾ ਨੂੰ ਮਿਲਣ ਦਾ ਸਾਧਨ : ਸੰਤ ਬਾਬਾ ਅਮੀਰ ਸਿੰਘ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਗੁਰਬਾਣੀ, ਗੁਰ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਅਰੰਭਤਾ ਟਕਸਾਲ ਦੇ ਵਿਦਿਆਰਥੀ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ।
ਜੁੜੀਆਂ ਸੰਗਤਾਂ ਦੇ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਜੀਵਨ ਇੱਕ ਮਾਰਗ ਹੈ, ਜਿਸ ਵਿੱਚ ਸਵਾਸਾਂ ਦੇ ਕੀਮਤੀ ਮੋਤੀ ਬਿਖਰੇ ਪਏ ਹਨ ਪਰ ਅਸੀਂ ਅੰਨੇ ਦੀ ਤਰ੍ਹਾਂ ਇੰਨਾਂ ਮੋਤੀਆਂ ਕੋਲੋਂ ਦੀ ਲੰਘਦੇ ਹਾਂ। ਉਨ੍ਹਾਂ ਗੁਰਬਾਣੀ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਇਸ ਮਾਰਗ 'ਤੇ ਚੱਲ ਕੇ ਪ੍ਰਭੂ ਤੱਕ ਪਹੁੰਚਣ ਦੀ ਬਜਾਏ ਰਾਸਤੇ ਵਿੱਚ ਹੀ ਬੈਠੇ ਜਾਂਦੇ ਹਾਂ। ਜੀਵਨ ਦਾ ਇਹ ਮਾਰਗ ਸੰਸਾਰ ਤੋਂ ਸ਼ੁਰੂ ਹੋ ਕੇ ਨਿਰੰਕਾਰ ਤੱਕ ਪੁੱਜਦਾ ਹੈ। ਜੀਵਨ ਕੁੱਝ ਪਦਾਰਥ ਜੜ ਅਸਥੁਲ ਸੰਸਾਰ ਦਾ ਹਿੱਸਾ ਹੈ ਜੋ ਜੀਵਨ ਚੇਤਨਾ ਪਰਮ ਪ੍ਰਕਾਸ਼ ਪਰਮਾਤਮਾ ਦਾ ਵੀ ਹਿੱਸਾ ਹੈ। ਸੰਸਾਰ ਤੋਂ ਪਰਮ ਪ੍ਰਕਾਸ਼ ਤੱਕ ਪੁੱਜਣ ਦੇ ਜੀਵਨ ਦਾ ਇੱਕ ਮਾਰਗ ਹੈ। ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਸਮਝਾਇਆ ਕਿ ਜੀਵਨ ਇੱਕ ਪੌੜੀ ਹੈ, ਜੋ ਸੰਸਾਰ ਤੋਂ ਨਿਰੰਕਾਰ ਤੱਕ ਅਪੜਨ ਦਾ ਵਸੀਲਾ ਹੈ। ਪੌੜੀ ਦਾ ਇੱਕ ਸਿਰਾ ਜਮੀਨ 'ਤੇ ਖੜਾ ਹੈ, ਦੂਜਾ ਕੋਠੇ ਨਾਲ। ਜ਼ਮੀਨ 'ਤੇ ਖੜਾ ਜੀਵਨ ਪਰਮੇਸ਼ਰ ਦੇ ਕੋਠੇ ਪੁੱਜ ਸਕੇ, ਪਰਮੇਸ਼ਰ ਵੱਲੋਂ ਮਿਲੀ ਜੀਵਨ ਰੂਪੀ ਪੌੜੀ ਤੇ ਜੇਕਰ ਇਸ ਵਾਰੀ ਨਾ ਚੜ ਸਕੇ, ਤਾਂ ਥੱਲੇ ਹੀ ਰਹਿ ਜਾਵਾਂਗੇ। ਥੱਲੇ ਦਾ ਜੀਵਨ ਤਾਂ ਅਤੀ ਪੀੜਾਦਾਈ ਹੈ। ਆਦਿ ਕਾਲ ਤੋਂ ਰਸਿਕ ਅਨੁਭਵੀ ਪੁਰਸ਼ ਮਨੁੱਖੀ ਜੀਵਨ ਦੇ ਗੀਤ ਗਾਉਂਦੇ ਆਏ ਹਨ ਕਿਉਂਕਿ ਪ੍ਰਭੂ ਮਿਲਣ ਇਸੇ ਹੀ ਦੇਹੀ ਵਿੱਚ ਸੰਭਵ ਹੈ। ਦੇਵਤੇ ਪਵਿੱਤਰ ਰੂਹਾਂ ਹਨ ਤੇ ਜਿਨਾਂ ਨੂੰ ਤਨ ਨਹੀਂ ਮਿਲਿਆ। ਇਸ ਦੇਹੀ ਲਈ ਤੜਫਦੀਆਂ ਹਨ ਤੇ ਇਸੇ ਦੇਹੀ ਦੀ ਮੰਗ ਕਰਦੀਆਂ ਹਨ। ਪਿਛਲੇ ਜਨਮ ਨਾਮ-ਸਾਧਨਾ ਜਿਸ ਦੀ ਅਧੂਰੀ ਰਹਿ ਗਈ ਹੈ, ਉਸ ਨੂੰ ਮਰ ਕੇ ਛੇਤੀ ਜਨਮ ਨਹੀਂ ਮਿਲਦਾ ਕਿਉਂਕਿ ਉਸ ਦਾ ਜਨਮ ਹੋ ਸਕੇ, ਉਸ ਅਨੁਸਾਰ ਮਾਹੌਲ ਮਾਂ-ਬਾਪ ਚੰਗੇ ਚਾਹੀਦੇ ਹਨ। ਸੋ ਐਸੇ ਮਾਂ-ਬਾਪ ਦੁਲਭ ਹਨ, ਜਿੱਥੋਂ ਐਸੀਆਂ ਪਵਿੱਤਰ ਰੂਹਾਂ ਦੇਹ ਨਾਲ ਜਨਮ ਲੈਂਦੀਆਂ ਹਨ। ਮਨੁੱਖੀ ਤਨ ਦੀ ਇਹ ਮਹਾਨਤਾ ਹੈ ਕਿ ਇਹ ਪਰਮਾਤਮਾ ਨੂੰ ਮਿਲਣ ਦਾ ਸਾਧਨ ਹੈ। ਸੋ ਪਵਿੱਤਰ ਰੂਹਾਂ ਮਨੁੱਖੀ ਤਨ ਲਈ ਪ੍ਰਯਤਨਸ਼ੀਲ ਰਹਿੰਦੀਆਂ ਹਨ।