ਚੋਣ ਅਮਲਾ ਸਮਗਰੀ ਲੈ ਕੇ ਰਵਾਨਾ, ਸੁਰੱਖਿਆ ਪ੍ਰਬੰਧ ਸਖ਼ਤ
ਜਗਰਾਓਂ ’ਚ ਅੱਜ ਪੁਲਿਸ ਪਹਿਰੇ ਹੇਠ ਹੋਵੇਗੀ ਵੋਟਿੰਗ
Publish Date: Mon, 25 May 2026 06:33 PM (IST)
Updated Date: Tue, 26 May 2026 04:08 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਨਗਰ ਕੌਂਸਲ ’ਤੇ 23 ਵਾਰਡਾਂ ਲਈ ਅੱਜ ਪੈਣ ਜਾ ਰਹੀਆਂ ਵੋਟਾਂ ਨੂੰ ਲੈ ਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐੱਸਐੱਸਪੀ ਡਾ. ਅੰਕੁਰ ਗੁਪਤਾ ਜੋ ਵੋਟਿੰਗ ਦੌਰਾਨ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਖੁਦ ਸੁਪਰਵੀਜਨ ਕਰ ਰਹੇ ਹਨ। ਉਨ੍ਹਾਂ ਤੋਂ ਇਲਾਵਾ ਐੱਸਪੀ ਦੀ ਅਗਵਾਈ ਹੇਠ 3 ਡੀਐੱਸਪੀਜ਼, ਕਈ ਇੰਸਪੈਕਟਰ, ਸਬ ਇੰਸਪੈਕਟਰ, ਏਐੱਸਆਈ ਅਤੇ 250 ਦੇ ਕਰੀਬ ਪੁਲਿਸ ਫੋਰਸ ਸੁਰੱਖਿਆ ਲਈ ਲਗਾਈ ਗਈ ਹੈ। ਸੋਮਵਾਰ ਨੂੰ ਸਥਾਨਕ ਲਾਜਪਤ ਰਾਏ ਡੀਏਵੀ ਕਾਲਜ ਤੋਂ ਚੋਣ ਅਮਲਾ ਪੁਲਿਸ ਸੁਰੱਖਿਆ ਹੇਠ ਚੋਣ ਸਮੱਗਰੀ ਲੈ ਕੇ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਪੁਲਿਸ ਫੋਰਸ ਨੂੰ ਜਿੱਥੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਖੁਦ ਤਨਦੇਹੀ ਨਾਲ ਡਿਊਟੀ ਨਿਭਾਉਣ ਸਮੇਤ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ, ਉਥੇ ਰਿਟਰਨਿੰਗ ਅਫਸਰ ਰਵੀ ਚੌਪੜਾ ਅਤੇ ਸਹਾਇਕ ਰਿਟਰਨਿੰਗ ਅਫਸਰ ਰੇਸ਼ਮ ਸਿੰਘ ਨੇ ਚੋਣ ਅਮਲੇ ਨੂੰ ਵੋਟਿੰਗ ਕਰਵਾਉਣ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦਿਆਂ ਚੋਣ ਸਮੱਗਰੀ ਦੇ ਕੇ ਰਵਾਨਾ ਕੀਤਾ। ਜਗਰਾਓਂ ਦੇ ਡੀਏਵੀ ਕਾਲਜ ਵਿਖੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਪੁਲਿਸ ਫੋਰਸ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਬਿਨ੍ਹਾਂ ਕਿਸੇ ਪੱਖਪਾਤ ਅਤੇ ਦਬਾਅ ਤੋਂ ਤਨਦੇਹੀ ਨਾਲ ਚੋਣ ਡਿਊਟੀ ’ਤੇ ਪਹਿਰਾ ਦੇਣ, ਪੋਲਿੰਗ ਸਟੇਸ਼ਨਾਂ ਵਿਚ ਵੋਟਰ, ਉਮੀਦਵਾਰ, ਪੋਲਿੰਗ ਸਟਾਫ਼ ਤੋਂ ਇਲਾਵਾ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਪੋਲਿੰਗ ਸਟੇਸ਼ਨ ’ਤੇ ਕਿਸੇ ਤਰ੍ਹਾਂ ਦੀ ਭੀੜ ਜਮ੍ਹਾਂ ਨਾ ਹੋਣ ਦੇਣ ਅਤੇ ਕਾਨੂੰਨ ਮੁਤਾਬਿਕ ਡਿਊਟੀ ’ਤੇ ਪਹਿਰਾ ਦੇਣ ਦੀ ਹਦਾਇਤ ਦਿੱਤੀ। ਉਨ੍ਹਾਂ ਫੋਰਸ ਨੂੰ ਨਿਰਦੇਸ਼ ਦਿੱਤੇ ਕਿ ਪੁਲਿਸ ਬੂਥ ਦੇ 100 ਫੁੱਟ ਦੇ ਦਾਇਰੇ ਵਿਚ ਵਾਹਨ ਨਾ ਖੜ੍ਹੇ ਹੋਣ ਦਿੱਤੇ ਜਾਣ। ਇਸ ਤੋਂ ਇਲਾਵਾ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਾਈਆਂ ਜਾਣਗੀਆਂ। 5 ਪੰਜੇ ਤੱਕ ਜਿਹੜੇ ਵੋਟਰ ਲਾਈਨਾਂ ਵਿਚ ਲੱਗੇ ਹੋਣਗੇ, ਉਹੀ ਵੋਟ ਪਾ ਸਕਣਗੇ। 5 ਵਜੇ ਪੋਲਿੰਗ ਬੂਥ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਅਤੇ ਇਸ ਤੋਂ ਬਾਅਦ ਕਿਸੇ ਵੋਟਰ ਨੂੰ ਦਾਖ਼ਲ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਜਗਰਾਓਂ ਸਬ ਡਵੀਜ਼ਨ ਦੇ ਡੀਐੱਸਪੀ ਕੁਲਵੰਤ ਸਿੰਘ, ਥਾਣਾ ਸਿਟੀ ਦੇ ਮੁਖੀ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸਟਾਫ਼ ਚੋਣ ਅਮਲੇ ਨੂੰ ਨਾਲ ਲੈ ਕੇ ਬੂਥਾਂ ਲਈ ਰਵਾਨਾ ਹੋਇਆ। ---------- -55 ਬੂਥਾਂ ’ਤੇ ਸੁਰੱਖਿਆ ਲਈ 8 ਟੀਮਾਂ ਕਰਨਗੀਆਂ ਗਸ਼ਤ ਜਗਰਾਓਂ ਦੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਜਗਰਾਓਂ ਦੇ 23 ਵਾਰਡਾਂ ’ਚ 55 ਬੂਥ 18 ਸਕੂਲਾਂ ਵਿਚ ਬਣਾਏ ਗਏ ਹਨ। ਹਰ ਇੱਕ ਬੂਥ ’ਤੇ 7 ਮੁਲਾਜ਼ਮਾਂ ਦੀ ਟੀਮ ਸੁਰੱਖਿਆ ਲਈ ਤਾਇਨਾਤ ਰਹੇਗੀ। ਇਸ ਤੋਂ ਇਲਾਵਾ 8 ਪੈਟਰੋਲਿੰਗ ਪਾਰਟੀਆਂ ਗਸ਼ਤ ਕਰਨ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣਗੀਆਂ। ਉਨ੍ਹਾਂ ਦਸਿਆ ਕਿ ਇਨ੍ਹਾਂ ਸਾਰੇ ਬੂਥਾਂ ਅਤੇ ਸ਼ਹਿਰ ’ਚ ਸੁਰੱਖਿਆ ਦੇ ਲਈ 250 ਮੁਲਾਜ਼ਮਾਂ ਦੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।