ਮੋਬਾਈਲ ਟੈਕਨਾਲੌਜੀ ਦੇ ਇਸ ਯੁੱਗ 'ਚ ਜ਼ਿਆਦਾਤਰ ਅਜੋਕੀ ਨੌਜਵਾਨ ਪੀੜ੍ਹੀ ਤੇ ਸਕੂਲੀ ਬੱਚੇ ਮੋਬਾਈਲ ਦੀ ਵਰਤੋਂ ਕਰ ਕੇ ਇਸ ਸੋਸ਼ਲ ਮੀਡੀਆ ਦੀ ਦੁਨੀਆ 'ਚ ਗੁਆਚੇ ਰਹਿਣਾ ਪਸੰਦ ਕਰ ਰਹੇ ਹਨ। ਇੰਟਰਨੈੱਟ ਦੀ ਦਿਨੋ-ਦਿਨ ਵੱਧ ਰਹੀ ਵਰਤੋਂ ਨਾਲ ਨਿੱਕੀ ਉਮਰ 'ਚ ਹੀ ਬੱਚਿਆਂ ਦਾ ਸੁਭਾਅ ਜਿੱਥੇ ਚਿੜਚਿੜਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਜ਼ਿਆਦਾਤਰ ਆਪਣੇ ਘਰਾਂ ਦੇ ਕਮਰਿਆਂ 'ਚ ਕੈਦ ਹੋਣ ਨਾਲ ਬੱਚੇ ਜਿੱਥੇ ਉਹ ਸਰੀਰਕ ਪੱਖੋਂ ਵੀ ਕਾਫ਼ੀ ਕਮਜ਼ੋਰ ਹੁੰਦੇ ਜਾ ਰਹੇ ਹਨ ਉੱਥੇ ਹੀ ਮਾਨਸਿਕ ਪੱਖੋਂ ਉਨ੍ਹਾਂ ਦੀ ਕਾਰਗੁਜ਼ਾਰੀ ਮੱਧਮ ਪੈਂਦੀ ਜਾ ਰਹੀ ਹੈ।

ਸਰਵਣ ਸਿੰਘ ਭੰਗਲਾਂ, ਸਮਰਾਲਾ
ਮੋਬਾਈਲ ਟੈਕਨਾਲੌਜੀ ਦੇ ਇਸ ਯੁੱਗ 'ਚ ਜ਼ਿਆਦਾਤਰ ਅਜੋਕੀ ਨੌਜਵਾਨ ਪੀੜ੍ਹੀ ਤੇ ਸਕੂਲੀ ਬੱਚੇ ਮੋਬਾਈਲ ਦੀ ਵਰਤੋਂ ਕਰ ਕੇ ਇਸ ਸੋਸ਼ਲ ਮੀਡੀਆ ਦੀ ਦੁਨੀਆ 'ਚ ਗੁਆਚੇ ਰਹਿਣਾ ਪਸੰਦ ਕਰ ਰਹੇ ਹਨ। ਇੰਟਰਨੈੱਟ ਦੀ ਦਿਨੋ-ਦਿਨ ਵੱਧ ਰਹੀ ਵਰਤੋਂ ਨਾਲ ਨਿੱਕੀ ਉਮਰ 'ਚ ਹੀ ਬੱਚਿਆਂ ਦਾ ਸੁਭਾਅ ਜਿੱਥੇ ਚਿੜਚਿੜਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਜ਼ਿਆਦਾਤਰ ਆਪਣੇ ਘਰਾਂ ਦੇ ਕਮਰਿਆਂ 'ਚ ਕੈਦ ਹੋਣ ਨਾਲ ਬੱਚੇ ਜਿੱਥੇ ਉਹ ਸਰੀਰਕ ਪੱਖੋਂ ਵੀ ਕਾਫ਼ੀ ਕਮਜ਼ੋਰ ਹੁੰਦੇ ਜਾ ਰਹੇ ਹਨ ਉੱਥੇ ਹੀ ਮਾਨਸਿਕ ਪੱਖੋਂ ਉਨ੍ਹਾਂ ਦੀ ਕਾਰਗੁਜ਼ਾਰੀ ਮੱਧਮ ਪੈਂਦੀ ਜਾ ਰਹੀ ਹੈ। ਕੰਧ 'ਤੇ ਲਿਖੀ ਕਿਸੇ ਇਬਾਰਤ ਵਾਂਗ ਇਸ ਸੱਚ ਨੂੰ ਝੁਠਲਾਉਂਦੇ ਹੋਏ ਕਈ ਪੇਂਡੂ ਖੇਤਰਾਂ 'ਚ ਬੱਚੇ ਪੁਰਾਤਨ ਖੇਡਾਂ ਨੂੰ ਖੇਡਣ 'ਚ ਆਪਣੀ ਮੁਹਾਰ ਮੋੜਦੇ ਵਿਖਾਈ ਦੇ ਰਹੇ ਹਨ। ਕੁਝ ਅਜਿਹਾ ਹੀ ਦਿ੍ਸ਼ ਸਮਰਾਲਾ ਇਲਾਕੇ ਦੇ ਨੇੜਲੇ ਪਿੰਡਾਂ ਉਟਾਲਾਂ, ਭੰਗਲਾਂ, ਰਾਜੇਵਾਲ, ਕੁੱਲੇਵਾਲ ਤੇ ਸਲੌਦੀ 'ਚ ਅਕਸਰ ਵੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮੱਧਵਰਗੀ ਤੇ ਗ਼ਰੀਬ ਤਬਕੇ ਨਾਲ ਸਬੰਧ ਰੱਖਦੇ ਇਹ ਬੱਚੇ ਪਿੰਡਾਂ ਦੀਆਂ ਗਲੀਆਂ 'ਚ ਗੁੱਲੀ ਡੰਡਾ, ਪਿੱਠੂ ਗਰਮ, ਲੁੱਕਣਮੀਟੀ, ਪੀਚੋ ਤੇ ਬਾਂਦਰ ਕੀਲੇ ਵਰਗੀਆਂ ਪੁਰਾਤਨ ਖੇਡਾਂ ਨਾਲ ਜੁੜ ਕੇ ਆਪਣੇ ਪੰਜਾਬੀ ਸੱਭਿਆਚਾਰ ਦੇ ਬੁਰੀ ਤਰ੍ਹਾਂ ਕੁਮਲਾ ਚੁੱਕੇ ਬੂਟੇ ਨੂੰ ਪਾਣੀ ਨਾਲ ਸਿੰਜ ਕੇ ਮੁੜ ਹਰਿਆ-ਭਰਿਆ ਕਰਨ ਦੀ ਜ਼ਿੰਮੇਵਾਰੀ ਦਾ ਕੰਮ ਬੜੀ ਸ਼ਿੱਦਤ ਨਾਲ ਨਿਭਾਅ ਰਹੇ ਹਨ, ਜਿਸ ਨੂੰ ਦੇਖ ਕੇ ਪੰਜਾਬੀ ਸੱਭਿਆਚਾਰ ਲਈ ਿਫ਼ਕਰਮੰਦ ਰਹਿਣ ਵਾਲੇ ਪੰਜਾਬੀਆਂ ਦੇ ਚਿਹਰੇ 'ਤੇ ਖ਼ੁਸ਼ੀ ਝਲਕਦੀ ਵਿਖਾਈ ਦਿੰਦੀ ਹੈ।
-ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਮਜ਼ਬੂਤ ਕਰਦੀਆਂ ਨੇ ਪੁਰਾਤਨ ਖੇਡਾਂ : ਸ਼ਾਹੀ
ਇੰਟਰਨੈੱਟ ਦੇ ਇਸ ਯੁੱਗ 'ਚ ਬੱਚਿਆਂ ਵੱਲੋਂ ਪੁਰਾਤਨ ਖੇਡਾਂ ਵਿਚ ਆਪਣੀ ਦਿਲਚਸਪੀ ਵਿਖਾਉਣ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਸ਼ਾਹੀ ਸਪੋਰਟਸ ਕਾਲਜ ਦੇ ਡਾਇਰੈਕਟਰ ਗੁਰਵੀਰ ਸਿੰਘ ਸ਼ਾਹੀ ਨੇ ਕਿਹਾ ਕਿ ਜੇਕਰ ਸਾਨੂੰ ਆਪਣੇ ਆਲੇ-ਦੁਆਲੇ ਪੁਰਾਤਨ ਖੇਡਾਂ ਖੇਡਦੇ ਅਜਿਹੇ ਬੱਚੇ ਵਿਖਾਈ ਦੇਣ ਤਾਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਬਣਦੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਪੁਰਾਤਨ ਖੇਡਾਂ ਦੇ ਵਿਰਸੇ ਤੋਂ ਜਾਣੂ ਕਰਵਾ ਕੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਸਮੁੱਚੇ ਪੰਜਾਬੀਆਂ ਲਈ ਇਹ ਇਕ ਸ਼ੁੱਭ ਸੰਕੇਤ ਹੈ ਜੋ ਬੱਚਿਆਂ ਨੂੰ ਮਾਨਸਿਕ ਤੇ ਸਰੀਰਕ ਪੱਖ ਤੋਂ ਹੋਰਾਂ ਨਾਲੋਂ ਵੱਧ ਮਜ਼ਬੂਤ ਕਰਨ 'ਚ ਸਹਾਈ ਸਿੱਧ ਹੋਵੇਗਾ।