ਮਿ੍ਰਤਕ ਨੌਜਵਾਨਾਂ ਦੇ ਪਰਿਵਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਪੁਲਿਸ ਦੀ ਕਾਰਵਾਈ ਤੋਂ ਖਫਾ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ
Publish Date: Mon, 04 May 2026 09:10 PM (IST)
Updated Date: Tue, 05 May 2026 04:18 AM (IST)

-ਮਾਮਲਾ ਪਤਨੀਆਂ ਤੋਂ ਪ੍ਰੇਸ਼ਾਨ ਹੋਏ 3 ਨੌਜਵਾਨਾਂ ਵੱਲੋਂ ਖ਼ੁਦਕੁਸ਼ੀ ਕਰਨ ਦਾ -ਪਰਿਵਾਰਾਂ ਦਾ ਕਹਿਣਾ ਜੇ ਪੀੜਤ ਲੜਕੀਆਂ ਹੁੰਦੀਆਂ ਤਾਂ ਪੁਲਿਸ ਕਰਦੀ ਤੁਰੰਤ ਕਾਰਵਾਈ -ਐੱਨਜੀਓ ਦੀ ਮਦਦ ਨਾਲ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ --- ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਤਿੰਨ ਨੌਜਵਾਨਾਂ ਦੀ ਦਰਦਨਾਕ ਖੁਦਕੁਸ਼ੀ ਦੇ ਮਾਮਲੇ ਨੇ ਹੁਣ ਸਮਾਜਕ ਤੇ ਕਾਨੂੰਨੀ ਦੋਵੇਂ ਮੋਰਚਿਆਂ ‘ਤੇ ਗੰਭੀਰ ਚਰਚਾ ਛੇੜ ਦਿੱਤੀ ਹੈ। ਇਨਸਾਫ ਦੀ ਉਡੀਕ ਕਰਦੇ ਪਰਿਵਾਰਾਂ ਦਾ ਸਬਰ ਟੁੱਟ ਗਿਆ ਅਤੇ ਉਨ੍ਹਾਂ ਨੇ ਹੁਣ ਪ੍ਰਦਰਸ਼ਨ ਦਾ ਰਸਤਾ ਅਖਤਿਆਰ ਕੀਤਾ ਹੈ। ਸੋਮਵਾਰ ਨੂੰ ਤਿੰਨਾਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਸੜਕ ਤੇ ਜੰਮ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਜੇਕਰ ਕਿਸੇ ਮਹਿਲਾਂ ਨਾਲ ਅਜਿਹੀ ਘਟਨਾ ਵਾਪਰੀ ਹੁੰਦੀ ਤਾਂ ਪੁਲਿਸ ਵੱਲੋਂ ਤੁਰੰਤ ਕਾਨੂੰਨੀ ਕਾਰਵਾਈ ਹੋਣੀ ਸੀ। ਪਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਨੌਜਵਾਨਾਂ ਨੇ ਖੁਦਕੁਸ਼ੀ ਕੀਤੀ ਹੈ ਅਤੇ ਉਨ੍ਹਾਂ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਕੁਝ ਨੌਜਵਾਨਾਂ ਦੇ ਕਬਜ਼ੇ ’ਚੋਂ ਸੁਸਾਈਡ ਨੋਟ ਵੀ ਬਰਾਮਦ ਕੀਤੇ ਗਏ ਸਨ। ਇਸ ਪ੍ਰਦਰਸ਼ਨ ਨੇ ਨਾ ਸਿਰਫ਼ ਪ੍ਰਸ਼ਾਸਨ ’ਤੇ ਸਵਾਲ ਖੜੇ ਕੀਤੇ ਹਨ, ਸਗੋਂ ਪੀੜਤ ਪਰਿਵਾਰਾਂ ਦੇ ਦਰਦ ਨੂੰ ਵੀ ਸਭ ਦੇ ਸਾਹਮਣੇ ਰੱਖ ਦਿੱਤਾ ਹੈ। ਲੁਧਿਆਣਾ ਵਿੱਚ ਪਤਨੀਆਂ ਨਾਲ ਤਣਾਅ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਤਿੰਨ ਨੌਜਵਾਨਾਂ ਨਿਖਿਲ, ਵਿਕਰਮਜੀਤ ਅਤੇ ਇਕ ਹੋਰ ਦੀ ਮੌਤ ਦਾ ਮਾਮਲਾ ਹੁਣ ਨਵੇਂ ਮੋੜ ’ਤੇ ਪਹੁੰਚ ਗਿਆ ਹੈ। ਇਨਸਾਫ ਨਾ ਮਿਲਣ ਕਾਰਨ ਗੁੱਸੇ ਨਾਲ ਭਰੇ ਪਰਿਵਾਰਕ ਮੈਂਬਰਾਂ ਨੇ ਸੋਮਵਾਰ ਨੂੰ ‘ਆਵਾਜ ਪਾਵਰ ਆਫ ਮੈਨ ਵੈਲਫੇਅਰ ਸੋਸਾਇਟੀ’ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਧਰਨੇ ਦੌਰਾਨ ਪਰਿਵਾਰਾਂ ਨੇ ਖੁੱਲ੍ਹ ਕੇ ਪੁਲਿਸ ਪ੍ਰਸ਼ਾਸਨ ’ਤੇ ਕਾਰਵਾਈ ਵਿੱਚ ਢਿੱਲ ਵਰਤਣ ਦੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨਾਂ ਨੌਜਵਾਨਾਂ ਨੇ ਆਪਣੀ ਜਾਨ ਦੇਣ ਤੋਂ ਪਹਿਲਾਂ ਸੁਸਾਈਡ ਨੋਟਾਂ ਵਿੱਚ ਸਾਫ਼ ਤੌਰ ’ਤੇ ਆਪਣੀਆਂ ਪਤਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਦੇ ਬਾਵਜੂਦ, ਕੇਸ ਦਰਜ ਹੋਣ ਤੋਂ ਬਾਅਦ ਵੀ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣਾ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰਦਾ ਹੈ। ਸੰਸਥਾ ਨਾਲ ਜੁੜੇ ਅਨਮੋਲ ਡੰਗ ਨੇ ਦੱਸਿਆ ਕਿ ਪਰਿਵਾਰਾਂ ਵੱਲੋਂ ਪੁਲਿਸ ਨੂੰ ਨਾ ਸਿਰਫ਼ ਲਿਖਤੀ ਸਬੂਤ ਦਿੱਤੇ ਗਏ ਹਨ, ਸਗੋਂ ਦੋਸ਼ੀਆਂ ਦੀ ਲੋਕੇਸ਼ਨ ਤੱਕ ਸਾਂਝੀ ਕੀਤੀ ਗਈ ਹੈ। ਫਿਰ ਵੀ ਕਾਰਵਾਈ ਨਾ ਹੋਣਾ ਹੈਰਾਨੀਜਨਕ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਦੋਸ਼ੀ ਖੁੱਲ੍ਹੇਆਮ ਘੁੰਮ ਰਹੇ ਹਨ, ਉੱਥੇ ਪੀੜਤ ਪਰਿਵਾਰ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਧਰਨੇ ’ਤੇ ਬੈਠੇ ਪਰਿਵਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ, ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਇਨਸਾਫ ਮਿਲਣ ਤੱਕ ਪਿੱਛੇ ਨਹੀਂ ਹਟਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਲੰਬੀ ਲੜਾਈ ਹੀ ਕਿਉਂ ਨਾ ਲੜਨੀ ਪਵੇ। ਇਸ ਮਾਮਲੇ ਨੇ ਇੱਕ ਵਾਰ ਫਿਰ ਪਰਿਵਾਰਕ ਤਣਾਅ ਅਤੇ ਉਸ ਦੇ ਨਤੀਜਿਆਂ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਨਾਲ ਹੀ, ਪੁਲਿਸ ਦੀ ਕਾਰਵਾਈ ’ਤੇ ਵੀ ਨਿਗਾਹਾਂ ਟਿੱਕ ਗਈਆਂ ਹਨ ਕਿ ਕੀ ਪੀੜਤ ਪਰਿਵਾਰਾਂ ਨੂੰ ਜਲਦੀ ਇਨਸਾਫ ਮਿਲੇਗਾ ਜਾਂ ਨਹੀਂ। --- ਆਪਣੇ ਬੇਟੇ ਲਈ ਬਣਾਂਗੀ ਝਾਂਸੀ ਦੀ ਰਾਣੀ ਪ੍ਰਦਰਸ਼ਨ ਵਿੱਚ ਬੈਠੀ ਇੱਕ ਹੋਰ ਨੌਜਵਾਨ ਦੀ ਮਾਤਾ ਅਮਿਤਾ ਨੇ ਆਖਿਆ ਕਿ ਉਸ ਦੇ ਨੂੰਹ ਪੁੱਤ ਵਿਚਕਾਰ ਵੀ ਝਗੜਾ ਚੱਲ ਰਿਹਾ ਹੈ। ਅਮਿਤਾ ਨੇ ਆਖਿਆ ਕਿ ਉਸ ਦਾ ਬੇਟਾ ਬੇਹਦ ਪ੍ਰੇਸ਼ਾਨ ਹੈ ਅਤੇ ਉਹ ਖੁਦਕੁਸ਼ੀ ਕਰ ਲੈਣ ਦੀਆਂ ਗੱਲਾਂ ਕਰਦਾ ਹੈ। ਅਮਿਤਾ ਨੇ ਆਖਿਆ ਕਿ ਉਹ ਆਪਣੇ ਬੇਟੇ ਨੂੰ ਕਦੀ ਵੀ ਇਕੱਲਾ ਨਹੀਂ ਛੱਡੇਗੀ ਉਸ ਨੇ ਚੇਤਾਵਨੀ ਦਿੱਤੀ ਕਿ ਉਹ ਇਨਸਾਫ ਲਈ ਹਰ ਇੱਕ ਲੜਾਈ ਲੜੇਗੀ ਅਤੇ ਆਪਣੇ ਬੇਟੇ ਨਾਲ ਹਮੇਸ਼ਾ ਖੜੀ ਰਹੇਗੀ। ਅਮਿਤਾ ਨੇ ਪੁਲਿਸ ’ਤੇ ਪੱਖਪਾਤ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਤਿੰਨ ਲੜਕਿਆਂ ਵੱਲੋਂ ਖੁਦਕੁਸ਼ੀ ਕਰਨਾ ਬੜੀ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਜੇ ਮਾਮਲਾ ਕਿਸੇ ਲੜਕੀ ਨਾਲ ਜੁੜਿਆ ਹੁੰਦਾ ਤਾਂ ਹੁਣ ਤੱਕ ਗ੍ਰਿਫਤਾਰੀਆਂ ਹੋ ਚੁੱਕੀਆਂ ਹੁੰਦੀਆਂ, ਪਰ ਇੱਥੇ ਪੀੜਤ ਲੜਕੇ ਹਨ, ਇਸ ਲਈ ਕਾਰਵਾਈ ਵਿੱਚ ਦੇਰੀ ਕੀਤੀ ਜਾ ਰਹੀ ਹੈ।