ਦੋ ਨੌਸਰਬਾਜ਼ 8 ਹਜ਼ਾਰ ਦੀਆਂ ਜੁੱਤੀਆਂ ਦੇ ਜੋੜੇ ਲੈ ਕੇ ਫ਼ਰਾਰ
ਦੋ ਨੌਸਰਬਾਜ 8 ਹਜਾਰ ਦੀਆਂ ਜੁੱਤੀਆਂ ਦੇ ਜੋੜੇ ਲੈਕੇ ਫਰਾਰ
Publish Date: Mon, 04 May 2026 09:26 PM (IST)
Updated Date: Tue, 05 May 2026 04:18 AM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਸ਼ਹਿਰ ਅੰਦਰ ਵੱਖ-ਵੱਖ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਹੁਣ ਨੌਸਰਬਾਜ਼ ਦੁਕਾਨਦਾਰ ਤੋਂ ਟੇਢੇ-ਮੇਢੇ ਢੰਗ ਨਾਲ ਜੁੱਤੀਆਂ ਲਿਜਾਣ ਦੀਆਂ ਘਟੀਆ ਹਰਕਤਾਂ ’ਤੇ ਵੀ ਉਤਰ ਆਏ ਹਨ, ਜਿਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਰਾਏਕੋਟ ਰੋਡ ’ਤੇ ਸਥਿਤ ਹੈਪੀ ਬੂਟ ਹਾਉਸ ਤੋਂ ਦੋ ਨੌਸਰਬਾਜ਼ ਨੌਜਵਾਨਾਂ ਵੱਲੋਂ ਹਜ਼ਾਰਾਂ ਰੁਪਏ ਦੀਆਂ ਜੁੱਤੀਆਂ ਦੇ ਜੋੜੇ ਲਿਜਾਣ ਦੀ ਘਟਨਾ ਤੋਂ ਮਿਲਦੀ ਹੈ। ਦੁਕਾਨ ਮਾਲਕ ਰਜੀਵ ਕੁਮਾਰ ਨੇ ਦੱਸਿਆ ਕਿ ਉਸ ਕੋਲ ਦੇਰ ਸ਼ਾਮ 8 ਵਜੇ ਦੇ ਕਰੀਬ 2 ਨੌਜਵਾਨ ਦੁਕਾਨ ਅੰਦਰ ਆਏ ਤੇ ਵਿਆਹ ਜਾਣ ਦਾ ਬਹਾਨਾ ਲਾ ਕੇ ਕਾਹਲੀ ਨਾਲ ਬੂਟ ਦਿਖਾਉਣ ਲਈ ਕਿਹਾ ਤਾਂ ਬੂਟ ਦਿਖਾਉਣ ਤੋਂ ਬਾਅਦ ਉਕਤ ਨੌਜਵਾਨਾਂ ਨੇ 4 ਜੈਂਟਸ ਤੇ 1 ਲੇਡੀਜ਼ ਜੋੜਾ ਪਸੰਦ ਕਰ ਲਿਆ। ਦੋਵਾਂ ਨੌਜਵਾਨਾ ’ਚੋਂ ਇਕ ਨੌਜਵਾਨ ਜੋੜੇ ਛੇਤੀ ਪੈਕ ਕਰਨ ਲਈ ਕਹਿ ਕੇ ਪਹਿਲਾਂ ਹੀ ਬਾਹਰ ਖੜ੍ਹੀ ਐਕਟਿਵਾ ’ਤੇ ਜਾ ਬੈਠਿਆ, ਜਿਸ ਦੇ ਮਗਰ ਹੀ ਦੂਜਾ ਨੌਜਵਾਨ ਵੀ ਪਸੰਦ ਕੀਤੇ ਜੋੜਿਆਂ ਦੇ ਪੈਸੇ ਦਿੱਤੇ ਬਿਨਾ ਹੀ ਫਟਾਫਟ ਐਕਟਿਵਾ ਪਿਛੇ ਜਾ ਕੇ ਬੈਠ ਗਿਆ। ਇਸ ਤੋਂ ਪਹਿਲਾ ਕਿ ਉਹ ਮਗਰ ਦੌੜ ਕੇ ਉਨ੍ਹਾਂ ਨੂੰ ਫੜਦਾ। ਇੰਨੇ ਨੂੰ ਉਹ ਦੋਵੇਂ ਜਣੇ ਸ਼ਹਿਰ ਦੇ ਮੁੱਖ ਚੌਕ ਵੱਲ ਫਰਾਰ ਹੋ ਗਏ। ਰਜੀਵ ਕੁਮਾਰ ਨੇ ਦੱਸਿਆ ਉਕਤ 5 ਜੋੜਿਆਂ ਦੀ ਕੀਮਤ 7600 ਰੁਪਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਦੋਵੇਂ ਨੌਸਰਬਾਜ਼ ਨੌਜਵਾਨਾਂ ਨੇ ਇਸ ਤੋਂ ਪਹਿਲਾਂ ਬੱਸ ਸਟੈਂਡ ਦੇ ਨਜ਼ਦੀਕ ਇਕ ਦੁਕਾਨ ਤੋਂ 9 ਹਜ਼ਾਰ ਰੁਪਏ ਦੀਆਂ ਸਿਗਰਟਾਂ ਖ਼ਰੀਦ ਲਈਆਂ ਤੇ ਗੂਗਲ-ਪੇਅ ਰਾਹੀਂ ਭਗਤਾਨ ਕਰ ਦਿੱਤੇ ਜਾਣ ਬਾਰੇ ਕਿਹਾ, ਜਦਕਿ ਪੈਸੇ ਦੁਕਾਨਦਾਰ ਦੇ ਖਾਤੇ ’ਚ ਜਮ੍ਹਾ ਨਹੀਂ ਹੋਏ ਸਨ। ਸ਼ੱਕ ਹੋਣ ’ਤੇ ਦੁਕਾਨਦਾਰ ਨੇ ਸਿਗਰਟਾਂ ਵਾਲਾ ਲਿਫਾਫਾ ਦੁਕਾਨ ਅੰਦਰ ਮੁੜ ਰੱਖ ਲਿਆ। ਫਿਰ ਇਹ ਦੋਵੇਂ ਨੌਜਵਾਨ ਵਾਹ ਚੱਲਦੀ ਨਾ ਦੇਖ ਉੱਥੋਂ ਵੀ ਫਰਾਰ ਹੋ ਗਏ ਸਨ। ਰਜੀਵ ਕੁਮਾਰ ਨੇ ਦੱਸਿਆ ਕਿ ਨੌਸਰਬਾਜ਼ਾਂ ਦੀ ਤਸਵੀਰ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ ਤੇ ਆਪਣੇ ਨਾਲ ਹੋਈ ਇਸ ਠੱਗੀ ਦੀ ਜਾਣਕਾਰੀ ਉਨ੍ਹਾਂ ਵੱਲੋਂ ਦਾਖਾ ਪੁਲਿਸ ਨੂੰ ਦੇ ਦਿੱਤੀ ਗਈ ਹੈ।