ਖੱਡ ’ਚ ਡਿੱਗੀ ਕਾਰ, 2 ਦੀ ਮੌਤ
ਉਨਾ ਦੀ ਖੱਡ ਵਿੱਚ ਡਿੱਗੀ ਕਾਰ, ਈਡਬਲਯੂਐੱਸ ਕਲੋਨੀ ਵਾਸੀ ਦੋ ਦੀ ਹੋਈ ਮੌਤ
Publish Date: Wed, 29 Apr 2026 09:39 PM (IST)
Updated Date: Wed, 29 Apr 2026 09:40 PM (IST)
- ਮਾਤਾ ਚਿੰਤਪੁਰਨੀ ਮੰਦਰ ਮੱਥਾ ਟੇਕ ਕੇ ਆ ਰਹੇ ਸਨ ਵਾਪਸ
ਐੱਸਪੀ ਜੋਸ਼ੀ ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਚੰਡੀਗੜ੍ਹ ਰੋਡ ਇਲਾਕੇ ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਦੀ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੀ ਇੱਕ ਖੱਡ ਵਿੱਚ ਕਾਰ ਸਮੇਤ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਦਰਦਨਾਕ ਦੁਰਘਟਨਾ ਬੁੱਧਵਾਰ ਸਵੇਰ ਉਨਾ ਦੇ ਭਰਵਾਈ ਇਲਾਕੇ ਵਿੱਚ ਹੋਈ, ਜਿੱਥੇ ਸਵਿਫਟ ਡਿਜਾਇਰ ਕਾਰ ਬੇਕਾਬੂ ਹੋ ਕੇ ਕਰੀਬ ਢਾਈ ਸੌ ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਕਾਰ ਨੰਬਰ ਪੀਬੀ10ਕੇਐੱਚ 7531 ਵਿੱਚ ਸਵਾਰ ਦੋ ਵਿਅਕਤੀ ਮਾਤਾ ਚਿੰਤਪੁਰਨੀ ਮੰਦਰ ਮੱਥਾ ਟੇਕਣ ਮਗਰੋਂ ਵਾਪਸ ਲੁਧਿਆਣਾ ਆ ਰਹੇ ਸਨ ਕਿ ਭਰਵਾਈ ਕੋਲੋਂ ਲੰਘਣ ਲੱਗੇ ਕਾਰ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ।
ਜਾਣਕਾਰੀ ਮੁਤਾਬਿਕ ਖੱਡ ਵਿੱਚ ਡਿੱਗਣ ਸਾਰ ਕਾਰ ਵਿੱਚ ਵਿਸਫੋਟ ਹੋਇਆ ਅਤੇ ਸਵਿਫਟ ਕਾਰ ਨੂੰ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਦੀਆਂ ਲਪਟਾਂ ਵਿੱਚ ਕਾਰ ਸਵਾਰ ਅੰਦਰ ਹੀ ਫਸ ਗਏ। ਹਲਾਂਕਿ ਦੁਰਘਟਨਾ ਦੀ ਜਾਣਕਾਰੀ ਮਿਲਣ ਤੇ ਸਥਾਨਕ ਪੁਲਿਸ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਮੌਕੇ ’ਤੇ ਸੱਦ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਕਾਫੀ ਉੱਦਮ ਕਰਨ ਦੇ ਬਾਵਜੂਦ ਕਾਰ ਵਿੱਚ ਸਵਾਰ ਦੋਵੇਂ ਵਿਅਕਤੀਆਂ ਨੂੰ ਬਚਾਇਆ ਨਹੀਂ ਜਾ ਸਕਿਆ। ਦੁਰਘਟਨਾ ਵਿੱਚ ਜਾਨ ਗਵਾਉਣ ਵਾਲਾ ਇਕ ਵਿਅਕਤੀ ਸਥਾਨਕ ਚੰਡੀਗੜ੍ਹ ਰੋਡ ਸਥਿਤ ਈਡਬਲਯੂਐੱਸ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਜਦਕਿ ਦੂਜੇ ਦਾ ਚਿਹਰਾ ਬੁਰੀ ਤਰ੍ਹਾਂ ਝੁਲਸੇ ਹੋਣ ਕਾਰਨ ਉਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ।